ਲੁਧਿਆਣਾ: ਸ਼ਹਿਰ ਵਿੱਚ ਮਹਿਲਾ ਪੁਲਿਸ ਅਧਿਕਾਰੀ ਕਾਨੂੰਨ ਵਿਵਸਥਾ ਦੀ ਸਥਿਤੀ ਕਾਇਮ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ। ਲੁਧਿਆਣਾ ਵਿੱਚ ਮਹਿਲਾ ਸਸ਼ਕਤੀਕਰਨ ਦੀ ਤਸਵੀਰ ਪੁਲਿਸ ਮਹਿਕਮੇ 'ਚ ਵੇਖਣ ਨੂੰ ਮਿਲ ਰਹੀ ਹੈ। ਲੁਧਿਆਣਾ ਵਿੱਚ 464 ਮਹਿਲਾ ਪੁਲਿਸ ਮੁਲਾਜ਼ਮਾਂ ਹਨ ਜਿਨ੍ਹਾਂ ਵਿੱਚ ਜੁਆਇੰਟ ਕਮਿਸ਼ਨਰ ਸਣੇ 2 ਐਡੀਸ਼ਨਲ ਡਿਪਟੀ ਕਮਿਸ਼ਨਰ, 1 ਅਸਿਸਟੈਂਟ ਕਮਿਸ਼ਨਰ, 5 ਇੰਸਪੈਕਟਰ ਅਤੇ 29 ਸਬ ਇੰਸਪੈਕਟਰ ਮਹਿਲਾ ਪੁਲਿਸ ਮੁਲਾਜ਼ਮ ਨੇ, 28 ਮਹਿਲਾ ਏਐੱਸਆਈ, 34 ਹੈੱਡ ਕਾਂਸਟੇਬਲ, 364 ਕਾਂਸਟੇਬਲ ਸ਼ਾਮਿਲ ਹਨ। ਇਸ ਸਬੰਧੀ ਵਿਸ਼ੇਸ਼ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਮੀਡੀਆ ਨੂੰ ਜਣਕਾਰੀ ਦਿੱਤੀ।
ਏਡੀਸੀਪੀ ਸਪੈਸ਼ਲ ਰੁਪਿੰਦਰ ਕੌਰ ਸਰਾਂ ਨੇ ਗੱਲ ਕਰਦਿਆਂ ਦੱਸਿਆ ਕਿ ਲੁਧਿਆਣਾ ਪੁਲਿਸ ਵਿੱਚ 464 ਮਹਿਲਾ ਪੁਲਿਸ ਮੁਲਾਜ਼ਮ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ। ਜਿਨ੍ਹਾਂ ਵਿੱਚ ਸੀਨੀਅਰ ਅਫ਼ਸਰ ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ 2 ਪੁਲਿਸ ਇੰਸਪੈਕਟਰ ਪੂਰੇ ਥਾਣੇ ਸਾਂਭ ਰਹੇ ਨੇ ਜਿਸ ਵਿੱਚ ਸਰਾਭਾ ਨਗਰ ਦੀ ਮਧੂਬਾਲਾ ਅਤੇ ਬਸਤੀ ਜੋਧੇਵਾਲ ਦੀ ਅਸ਼ਪ੍ਰੀਤ ਕੌਰ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਕਿਵੇਂ ਮਹਿਲਾ ਪੁਲਿਸ ਮੁਲਾਜ਼ਮ ਆਪਣੇ ਘਰ ਦੇ ਨਾਲ-ਨਾਲ ਤਨਦੇਹੀ ਨਾਲ ਡਿਊਟੀ ਵੀ ਨਿਭਾ ਰਹੀਆਂ ਹਨ, ਉਨ੍ਹਾਂ ਦੱਸਿਆ ਕਿ ਪਰਿਵਾਰ ਅਤੇ ਡਿਊਟੀ ਨਿਭਾਉਣਾ ਕਾਫ਼ੀ ਔਖਾ ਹੈ ਪਰ ਇੱਕ ਮਹਿਲਾ ਹੀ ਇਸ ਨੂੰ ਬਾਖੂਬੀ ਨਿਭਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕੋਈ ਉਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਤਾਂ ਨਹੀਂ ਦਿੱਤੀ ਜਾਂਦੀ ਪਰ ਸਮੇਂ-ਸਮੇਂ 'ਤੇ ਉਹ ਮਹਿਲਾ ਪੁਲਿਸ ਮੁਲਾਜ਼ਮਾਂ ਨਾਲ ਗੱਲ ਕਰ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸਬੰਧੀ ਜ਼ਰੂਰ ਜਾਣਕਾਰੀ ਹਾਸਲ ਕਰਦੇ ਰਹਿੰਦੇ ਹਨ।