ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ 'ਤੇ ਇੱਕ ਮਹਿਲਾ ਨੇ ਜਬਰ-ਜਨਾਹ ਕਰਨ ਦੇ ਇਲਜ਼ਾਮ ਲਗਾਏ ਹਨ। ਮਹਿਲਾ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਿਮਰਜੀਤ ਸਿੰਘ ਬੈਂਸ ਨੇ ਉਸ ਨਾਲ ਜਬਰ-ਜਨਾਹ ਕੀਤਾ ਹੈ। ਮਹਿਲਾ ਦੀ ਸ਼ਿਕਾਇਤ ਅਨੁਸਾਰ ਕਿਸੇ ਪੈਸੇ ਦੇ ਲੈਣ ਦੇਣ ਦੇ ਮਾਮਲੇ ਵਿੱਚ ਸਿਮਰਜੀਤ ਸਿੰਘ ਬੈਂਸ ਨੂੰ ਮਿਲੀ ਸੀ। ਇਸ ਦੌਰਾਨ ਹੀ ਬੈਂਸ ਨੇ ਉਸ ਨਾਲ ਕਈ ਵਾਰ ਜਬਰ-ਜਨਾਹ ਕੀਤਾ।
ਮਹਿਲਾ ਦੇ ਇਲਜ਼ਾਮ
ਮਹਿਲਾ ਨੇ ਮੀਡੀਆ ਸਾਹਮਣੇ ਦੱਸਿਆ ਕਿ ਉਹ ਕਿਸੇ ਵੇਲੇ ਬੈਂਸ ਹੁਰਾਂ ਦੇ ਗੁਆਂਢ ਵਿੱਚ ਰਹਿੰਦੀ ਰਹੀ ਹੈ। ਮਹਿਲਾ ਦੇ ਅਨੁਸਾਰ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਮਹਿਲਾ ਨੇ ਦੱਸਿਆ ਕਿ ਉਸ ਨੇ ਇੱਕ ਮਕਾਨ ਖਰੀਦਿਆ ਸੀ ਅਤੇ ਉਸ ਮਕਾਨ ਲਈ ਕੁਝ ਕਰਜ਼ਾ ਲਿਆ ਸੀ। ਇਸ ਦੌਰਾਨ ਉਹ ਕਰਜ਼ੇ ਦੀਆਂ ਕੁਝ ਕਿਸ਼ਤਾਂ ਮੋੜ ਤੋਂ ਖੁੰਝ ਗਈ ਅਤੇ ਬੈਂਕ ਵਾਲਿਆਂ ਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਿਹਾ ਇਸ ਦੌਰਾਨ ਉਹ ਬੈਂਸ ਕੋਲ ਮਦਦ ਲਈ ਗਈ ਅਤੇ ਬੈਂਸ ਹੀ ਉਸ ਨੂੰ ਇੱਕ ਡੀਲਰ ਸੁਖਚੈਨ ਸਿੰਘ ਨੂੰ ਘਰ ਦੇ ਦੇਣ ਲਈ ਕਿਹਾ ਅਤੇ ਸੁਖਚੈਨ ਸਿੰਘ ਨੇ ਉਹ ਘਰ ਵੇਚ ਦਿੱਤਾ ਅਤੇ ਉਸ ਨੂੰ ਕੁਝ ਰਕਮ ਅਤੇ ਇੱਕ ਪਲਾਟ ਲੈ ਦਿੱਤਾ।
ਪੀੜਤ ਮਹਿਲਾ ਨੇ ਦੱਸਿਆ ਕਿ ਸੁਖਚੈਨ ਸਿੰਘ ਪਲਾਟ ਨੂੰ ਵੇਚ ਕੇ ਉਸ ਦੀ ਰਕਮ ਨਹੀਂ ਦੇ ਰਿਹਾ ਸੀ, ਇਸ ਲਈ ਉਸ ਨੇ ਮੁੜ ਬੈਂਸ ਤੱਕ ਪਹੁੰਚ ਕੀਤੀ। ਮਹਿਲਾ ਨੇ ਦੱਸਿਆ ਕਿ ਇਸ ਸਾਰੇ ਪੈਸੇ ਦੇ ਲੈਣ ਦੇਣ ਵਿੱਚ ਸਿਮਰਜੀਤ ਬੈਂਸ ਨੇ ਉਸ ਨਾਲ 10-12 ਵਾਰ ਜਬਰ ਜਨਾਹ ਕੀਤਾ ਹੈ। ਮਹਿਲਾ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਹੋਵੇਗੀ।
ਬੈਂਸ ਦੀ ਸਫ਼ਾਈ
ਉੱਧਰ ਆਪਣੇ 'ਤੇ ਲੱਗੇ ਇਨ੍ਹਾਂ ਇਲਜ਼ਾਮਾਂ ਬਾਰੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਤ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੀ ਚੜ੍ਹ ਤੋਂ ਘਬਰਾ ਕੇ ਕਾਂਗਰਸੀਆਂ ਨੇ ਇਹ ਮਨਘੜਤ ਇਲਜ਼ਾਮ ਉਨ੍ਹਾਂ 'ਤੇ ਲਗਵਾਏ ਹਨ। ਸਿਮਰਜੀਤ ਬੈਂਸ ਨੇ ਇਹ ਵੀ ਮੰਨਿਆ ਕਿ ਮਹਿਲਾ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੀ ਰਹੀ ਹੈ। ਬੈਂਸ ਨੇ ਕਿਹਾ ਕਿ ਇਨ੍ਹਾਂ ਇਲਜ਼ਾਮਾਂ ਦਾ ਸੱਚ ਜਲਦ ਹੀ ਲੋਕਾਂ ਦੇ ਸਾਹਮਣੇ ਆਵੇਗਾ।
ਪੁਲਿਸ ਦਾ ਪੱਖ
ਦੂਜੇ ਪਾਸੇ ਲੁਧਿਆਣਾ ਰੂਰਲ ਦੀ ਜਾਇੰਟ ਕਮਿਸ਼ਨਰ ਕੰਵਰਦੀਪ ਕੌਰ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਇਹ ਸ਼ਿਕਾਇਤ ਮਾਰਕ ਕਰ ਦਿੱਤੀ ਗਈ ਹੈ। ਹਾਲਾਂਕਿ ਉਨ੍ਹਾਂ ਨੇ ਅਧਿਕਾਰਕ ਤੌਰ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਉਦੋ ਹੀ ਦੇਣ ਦੀ ਗੱਲ ਆਖੀ ਹੈ ਜਦੋਂ ਸ਼ਿਕਾਇਤਕਰਤਾ ਮਹਿਲਾ ਦਾ ਬਿਆਨ ਦਰਜ ਕੀਤਾ ਜਾਵੇਗਾ। ਸਾਡੇ ਪੱਤਰਕਾਰ ਨਾਲ ਫੋਨ 'ਤੇ ਗੱਲਬਾਤ ਦੌਰਾਨ ਉਨ੍ਹਾਂ ਇਹ ਜ਼ਰੂਰ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਜ਼ਰੂਰ ਮਿਲੀ ਹੈ ਅਤੇ ਉਸ ਦੀ ਜਾਂਚ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕਰਨਗੇ।