ਲੁਧਿਆਣਾ: ਜ਼ਿਲ੍ਹੇ ਦੀ ਬਸਤੀ ਚੌਕ ਦੇ ਨੇੜੇ ਹੋਏ ਇਕ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਪਰਿਵਾਰਾਂ ਦੇ ਮੈਂਬਰ ਅੱਜ ਇਨਸਾਫ ਦੇ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਮਾਗਮ 'ਚ ਪਹੁੰਚੇ। ਜਿੱਥੇ ਪ੍ਰਦਰਸ਼ਨ ਕਰ ਰਹੇ ਪਰਿਵਾਰਾਂ ਨਾਲ ਨਾ ਸਿਰਫ ਪੁਲਿਸ ਮੁਲਾਜ਼ਮਾਂ ਨੇ ਬਦਸਲੂਕੀ ਕੀਤੀ, ਬਲਕਿ ਕਾਂਗਰਸੀ ਆਗੂ (Congress leaders) ਵੀ ਉਨ੍ਹਾਂ ਨੂੰ ਧੱਕੇ ਮਾਰਦੇ ਵਿਖਾਈ ਦਿੱਤੇ।
ਪੰਜਾਬ ਇੰਡਸਟਰੀ ਬੋਰਡ (Punjab Industry Board) ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਮੀਡੀਆ ਦੇ ਕੈਮਰੇ ਵੇਖ ਉਹ ਪਿੱਛੇ ਹਟ ਗਏ। ਇਸ ਦੌਰਾਨ ਕਾਂਗਰਸ ਦੇ ਹੀ ਕੌਂਸਲਰ ਨੇ ਦੱਸਿਆ ਕਿ ਇਨ੍ਹਾਂ ਦਾ ਮਾਮਲਾ ਪੁਲਿਸ ਤੱਕ ਪਹੁੰਚ ਚੁੱਕਾ ਹੈ ਅਤੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਮਾਮਲੇ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਪੀੜਤ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬੀਤੇ ਦਿਨੀਂ ਸ਼ਰਾਬ ਦੇ ਨਸ਼ੇ ਵਿੱਚ ਕਾਰ ਚਾਲਕ ਨੇ ਉਨ੍ਹਾਂ ਦੇ ਛੇ ਬੰਦਿਆਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ, ਜਿਨ੍ਹਾਂ ਦਾ ਡੀਐਮਸੀ ਦੇ ਵਿਚ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪੁਲਿਸ ਸਾਨੂੰ ਕੋਈ ਇਨਸਾਫ ਨਹੀਂ ਦੇ ਰਹੀ। ਉਹ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਪੀੜਤ ਪਰਿਵਾਰਾਂ ਨੇ ਕਿਹਾ ਉਹ ਇਨਸਾਫ ਮੰਗਣ ਲਈ ਇੱਥੇ ਆਏ ਸਨ ਪਰ ਏਥੇ ਵੀ ਉਨ੍ਹਾਂ ਨੂੰ ਇਨਸਾਫ ਮਿਲਣ ਦੀ ਬਜਾਏ ਸਿਰਫ ਧੱਕੇ ਹੀ ਮਿਲੇ ਹਨ।
ਉੱਧਰ ਦੂਜੇ ਪਾਸੇ ਕਾਂਗਰਸ ਦੇ ਕੌਂਸਲਰ ਨੇ ਕਿਹਾ ਕਿ ਉਹ ਇਨ੍ਹਾਂ ਦੀ ਇਲਾਕੇ ਦੇ ਕੌਂਸਲਰ ਨੇ ਅਤੇ ਪੁਲਿਸ ਕੋਲ ਮਾਮਲਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਾਰਵਾਈ ਹੋਵੇਗੀ ਹਾਲਾਂਕਿ ਪੁਲਿਸ ਇਸ ਦੌਰਾਨ ਖੁਦ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਹੱਥਾਂ 'ਚ ਫੜੇ ਪੋਸਟਰ ਖਿੱਚ ਕੇ ਪੜ੍ਹਦੀ ਹੋਈ ਵਿਖਾਈ ਦਿੱਤੀ ਅਤੇ ਕਾਂਗਰਸੀ ਆਗੂ ਇਹ ਕਹਿੰਦੇ ਵਿਖਾਈ ਦਿੱਤੇ ਕਿ ਇਹ ਸਾਡਾ ਪ੍ਰੋਗਰਾਮ ਹੈ, ਇਹ ਇਸ ਨੂੰ ਖ਼ਰਾਬ ਕਰ ਰਹੇ ਹਨ।
ਇਹ ਵੀ ਪੜ੍ਹੋ: ਗਾਜ਼ੀਆਬਾਦ 'ਚ ਐਕਸਪ੍ਰੈੱਸ ਵੇਅ 'ਤੇ ਵੱਡਾ ਹਾਦਸਾ, ਧੁੰਦ ਕਾਰਨ ਦੋ ਦਰਜਨ ਵਾਹਨ ਟਕਰਾਏ