ਲੁਧਿਆਣਾ : ਸ਼ਹਿਰ ਦੇ ਸਨਅਤਕਾਰ ਨੇ ਬੀਤੇ ਦਿਨੀਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਾਲ ਅਹਿਮ ਬੈਠਕ ਕੀਤੀ। ਇਸ ਬੈਠਕ ਦੇ ਵਿੱਚ ਲੁਧਿਆਣਾ ਦੇ ਸਨਅਤਕਾਰਾਂ ਦਾ 8 ਮੈਂਬਰੀ ਵਫ਼ਦ ਯੋਗੀ ਨੂੰ ਮਿਲਿਆ ਸੀ। ਇਸ ਦੌਰਾਨ ਯੋਗੀ ਸਰਕਾਰ ਦੇ ਅਫ਼ਸਰ ਵੀ ਮੌਜੂਦ ਰਹੇ ਸਨ।
ਯੋਗੀ ਨਾਲ ਸਨਅਤਕਾਰਾਂ ਨੇ ਤਕਰੀਬਨ 35 ਮਿੰਟ ਗੱਲਬਾਤ ਕੀਤੀ। ਯੋਗੀ ਨੇ ਸਨਅਤਕਾਰਾਂ ਨੂੰ ਉੱਤਰ ਪ੍ਰਦੇਸ਼ ਵਿੱਚ ਯੂਨਿਟ ਲਾਉਣ ਦਾ ਸੱਦਾ ਦਿੱਤਾ ਹੈ। 15 ਦਿਨ ਬਾਅਦ ਮੁੜ ਤੋਂ ਯੂਪੀ ਸਰਕਾਰ ਨਾਲ ਲੁਧਿਆਣਾ ਦੇ ਸਨਅਤਕਾਰਾਂ ਦੀ ਬੈਠਕ ਹੋਣੀ ਹੈ। ਲੁਧਿਆਣਾ ਦੇ ਸਨਅਤਕਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਉਨ੍ਹਾਂ ਨੂੰ ਅਜਿਹਾ ਕਦਮ ਚੁੱਕਣਾ ਪੈ ਰਿਹਾ ਹੈ।
ਲੁਧਿਆਣਾ ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਵਿੱਚ ਬੈਂਕਿੰਗ ਇੰਡਸਟਰੀ ਦੇ ਚੇਅਰਮੈਨ ਅਤੇ ਹੋਰ ਲੁਧਿਆਣਾ ਦੇ ਸੀਨੀਅਰ ਇੰਡਸਟਰੀ ਲਿਸਟ ਦੀ ਆਦਿੱਤਿਆਨਾਥ ਨਾਲ ਬੈਠਕ ਕੀਤੀ ਸੀ।
ਗੁਰਮੀਤ ਸਿੰਘ ਕੁਲਾਰ ਨੇ ਦੱਸਿਆ ਕਿ ਯੋਗੀ ਆਦਿਤਿਆਨਾਥ ਨੇ ਖੁਦ ਉਨ੍ਹਾਂ ਨੂੰ ਵੱਡੀਆਂ ਆਫਰਾ ਦਿੱਤੀਆਂ ਨੇ ਉਨ੍ਹਾਂ ਨੇ ਕਿਹਾ ਕਿ ਜੇਕਰ ਯੂਪੀ ਵਿੱਚ ਲੁਧਿਆਣਾ ਦੇ ਸਨਅਤਕਾਰ ਆਪਣੀ ਇੰਡਸਟਰੀ ਲਾਉਣ ਅਤੇ ਇਨਵੈਸਟ ਕਰਨ ਦਾ ਮਨ ਬਣਾਉਂਦੇ ਹਨ ਤਾਂ ਉਨ੍ਹਾਂ ਨੂੰ 24 ਘੰਟੇ ਸਸਤੀ ਬਿਜਲੀ ਅਤੇ ਜ਼ਮੀਨਾਂ ਇੱਥੋਂ ਤੱਕ ਕਿ ਲੇਬਰ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਆਕਸੀਜਨ ਪਲਾਂਟ ਲਾਉਣ ਲਈ ਸਬਸਿਡੀ ਦਿੱਤੀ ਜਾਵੇਗੀ।
ਰੋਡ ਨੈੱਟਵਰਕ ਦਿੱਤਾ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਯਮੁਨਾ ਐਕਸਪ੍ਰੈੱਸ ਹਾਈਵੇਅ ਤੇ ਇੰਡਸਟਰੀ ਲਾਉਣ ਦਾ ਸੱਦਾ ਦਿੱਤਾ ਗਿਆ ਹੈ ਉਥੇ ਹੀ ਲੁਧਿਆਣਾ ਦੇ ਸਨਅਤਕਾਰ ਰਾਜੀਵ ਜੈਨ ਨੇ ਵੀ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜੋ ਲੁਧਿਆਣਾ ਦੀ ਬੇਸਿਕ ਇੰਡਸਟਰੀ ਹੈ ਉਸ ਵਿੱਚ ਦਿਲਚਸਪੀ ਵਿਖਾਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਪੰਜਾਬ ਦੀ ਇੰਡਸਟਰੀ ਨੂੰ ਬਿਜਲੀ ਪੂਰੀ ਨਹੀਂ ਦਿੱਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਸਨ ਅਤੇ ਜਦੋਂ ਲੁਧਿਆਣਾ ਦੇ ਸਨਅਤਕਾਰ ਯੂਪੀ ਸਰਕਾਰ ਨੂੰ ਮਿਲੇ ਤਾਂ ਤੁਰੰਤ ਪੰਜਾਬ ਦੀ ਸਰਕਾਰ ਨੇ ਇੰਡਸਟਰੀ ਚਲਾਉਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਦੀ ਇੰਡਸਟਰੀ ਜੇਕਰ ਤਬਾਹ ਹੁੰਦੀ ਹੈ ਤਾਂ ਉਸਦੀ ਪੂਰੀ ਜ਼ਿੰਮੇਵਾਰ ਪੰਜਾਬ ਦੀ ਕਾਂਗਰਸ ਸਰਕਾਰ ਹੋਵੇਗੀ।