ਲੁਧਿਆਣਾ: ਸ਼ਹਿਰ ਦੇ ਕਸ਼ਮੀਰ ਨਗਰ ਇਲਾਕੇ 'ਚ ਕੁੱਝ ਅਣਪਛਾਤੇ ਲੁੱਟੇਰਿਆਂ ਵੱਲੋਂ ਇੱਕ ਦੁਕਾਨਦਾਰ ਤੋਂ ਲੁੱਟ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟੇਰਿਆਂ ਦੀ ਕੋਸ਼ਿਸ਼ ਨਾਕਾਮ ਰਹੀ,ਪਰ ਉਨ੍ਹਾਂ ਇਥੇ ਗੋਲੀਆਂ ਚਲਾ ਕੇ ਹਵਾਈ ਫਾਇਰ ਵੀ ਕੀਤੇ। ਜਿਸ ਦੇ ਚਲਦੇ ਇਲਾਕੇ 'ਚ ਸਹਿਮ ਦਾ ਮਾਹੌਲ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਦੁਕਾਨ ਮਾਲਿਕ ਤੇ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਉਹ ਮਨੀ ਐਕਸਚੇਂਜਰ ਦਾ ਕੰਮ ਕਰਦੇ ਹਨ। ਅਚਾਨਕ 3 ਲੋਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ। ਉਨ੍ਹਾਂ ਚੋਂ ਦੋ ਲੋਕ ਉਨ੍ਹਾਂ ਦੀ ਦੁਕਾਨ 'ਚ ਦਾਖਲ ਹੋਏ। ਲੁੱਟੇਰਿਆਂ ਨੇ ਉਨ੍ਹਾਂ ਕੋਲੋਂ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਤੇ ਕੈਸ਼ ਦੀ ਮੰਗ ਕਰਨ ਲੱਗੇ। ਜਦ ਦੁਕਾਨਦਾਰ ਨੇ ਇਨਕਾਰ ਕੀਤਾ ਤਾਂ ਲੁੱਟੇਰਿਆਂ ਨੇ ਉਨ੍ਹਾਂ ਡਰਾਉਣ ਤੇ ਧਮਕਾਉਣ ਦੀ ਕੋਸ਼ਿਸ਼ ਕੀਤੀ।ਲੁੱਟ 'ਚ ਨਾਕਾਮ ਹੋਣ 'ਤੇ ਲੁੱਟੇਰਿਆਂ ਨੇ ਦੁਕਾਨ ਦੇ ਅੰਦਰ ਹੀ ਹਵਾਈ ਫਾਇਰ ਕੀਤੇ। ਗੋਲੀ ਦੀ ਆਵਾਜ਼ ਸੁਣ ਜਦ ਗੁਆਂਢ ਦੀ ਦੁਕਾਨ 'ਤੇ ਕੰਮ ਕਰਨ ਵਾਲਾ ਵਿਅਕਤੀ ਉਥੇ ਪੁੱਜਿਆ ਤਾਂ ਲੁੱਟੇਰੇ ਉਥੋਂ ਫਰਾਰ ਹੋ ਗਏ। ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਪੁਲਿਸ ਨੇ ਮੌਕੇ 'ਤੇ ਪੁੱਜ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਇਸ ਬਾਰੇ ਦੱਸਦੇ ਹੋਏ ਏਸੀਪੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਸ਼ਮੀਰ ਨਗਰ ਵਿਖੇ ਇੱਕ ਮਨੀ ਐਕਸਚੇਂਜਰ ਦੀ ਦੁਕਾਨ 'ਚ ਲੁੱਟ ਹੋਣ ਸਬੰਧੀ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਲੁੱਟੇਰੇ ਲੁੱਟ ਕਰਨ 'ਚ ਨਾਕਾਮ ਰਹੇ ਪਰ ਉਨ੍ਹਾਂ ਵੱਲੋਂ ਦੁਕਾਨ 'ਤੇ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲ ਨੁਕਸਾਨ ਤੋਂ ਬਚਾਅ ਰਿਹਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।