ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੀ ਰਾਜੀਵ ਗਾਂਧੀ ਕਲੋਨੀ 'ਚ ਕੁੱਤੇ ਦੇ ਡੰਡਾ ਮਾਰਨ ਨੂੰ ਲੈਕੇ ਦੋ ਧਿਰਾਂ ਆਪਸ 'ਚ ਭਿੜ ਗਈਆਂ ਹਨ। ਲੜਾਈ ਇੰਨੀ ਜਿਆਦਾ ਵੱਧ ਗਈ ਕਿ ਉਸ ਨੇ ਹਿੰਸਕ ਰੂਪ ਧਾਰ ਲਿਆ ਅਤੇ ਦੋਵੇਂ ਧਿਰਾਂ 'ਚ ਕੁਝ ਵਿਅਕਤੀ ਜ਼ਖ਼ਮੀ ਵੀ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਵੀ ਲਗਾਏ ਹਨ।
ਇਸ ਸਬੰਧੀ ਪਹਿਲੀ ਧਿਰ ਦੇ ਵਿਅਕਤੀ ਵਿਸ਼ਾਲ ਦਾ ਕਹਿਣਾ ਕਿ ਉਨ੍ਹਾਂ ਦੇ ਘਰ ਤੋਂ ਕੁਝ ਹੀ ਦੂਰੀ 'ਤੇ ਰਹਿਣ ਵਾਲੀ ਦੂਜੀ ਧਿਰ ਵਲੋਂ ਉਨ੍ਹਾਂ ਦੇ ਘਰ ਹਮਾਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਹਮਲੇ 'ਚ ਦੂਜੀ ਧਿਰ ਵਲੋਂ ਜਿਥੇ ਪਰਿਵਾਰਕ ਮੈਂਬਰਾਂ ਨੂੰ ਸੱਟਾਂ ਲਗਾਈਆਂ ਗਈਆਂ,ਉਥੇ ਹੀ ਘਰ 'ਚ ਪਏ ਸਮਾਨ ਦੀ ਭੰਨਤੋੜ ਕਰਨ ਦੇ ਨਾਲ-ਨਾਲ ਨਕਦੀ ਵੀ ਚੋਰੀ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੂਜੀ ਧਿਰ ਤੋਂ ਪਿੰਕੀ ਦਾ ਕਹਿਣਾ ਕਿ ਉਨ੍ਹਾਂ ਵਲੋਂ ਕੋਈ ਵੀ ਹਮਲਾ ਨਹੀਂ ਕੀਤਾ ਗਿਆ । ਉਨ੍ਹਾਂ ਦਾ ਕਹਿਣਾ ਕਿ ਸਾਰੇ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਦਾ ਕਹਿਣਾ ਕਿ ਉਕਤ ਵਿਰੋਧੀ ਧਿਰ ਵਲੋਂ ਉਨ੍ਹਾਂ ਦੇ ਕੁੱਤੇ ਦੇ ਡੰਡਾ ਮਾਰ ਕੇ ਲੱਤ ਤੋੜੀ ਗਈ, ਜਦੋਂ ਉਨ੍ਹਾਂ ਦੇ ਬੇਟੇ ਵਲੋਂ ਇਸ ਸਬੰਧੀ ਪੁੱਛਿਆ ਤਾਂ ਉਕਤ ਧਿਰ ਵਲੋਂ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਦਿੱਤਾ ਗਿਆ।
ਇਸ ਸਬੰਧੀ ਜਦੋਂ ਪੁਲਿਸ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਕੈਮਰੇ ਅੱਗੇ ਬੋਲਣ ਤੋਂ ਮਨ੍ਹਾਂ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਕਿ ਦੋਵੇਂ ਧਿਰਾਂ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।