ਲੁਧਿਆਣਾ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਤੇ ਦੋ ਹਫ਼ਤਿਆਂ ਤੋਂ ਸਖ਼ਤ ਲੌਕਡਾਊਨ ਅਤੇ ਕਰਫਿਊ ਤੋਂ ਬਾਅਦ ਹੁਣ ਇਸ ਦਾ ਅਸਰ ਅੰਕੜਿਆਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਲੁਧਿਆਣਾ ਵਿੱਚ ਅੱਜ ਕੋਰੋਨਾ ਦੇ ਪੌਜ਼ੀਟਿਵ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ 582 ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਸੈਂਪਲ 14 ਹਜ਼ਾਰ 580 ਲਏ ਗਏ ਸਨ, ਜਿਨ੍ਹਾਂ ਵਿੱਚੋਂ 582 ਨਵੇਂ ਕੋਰੋਨਾ ਦੇ ਮਾਮਲੇ ਆਏ ਅਤੇ 17 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਇਸ ਦੇ ਨਾਲ ਹੀ ਅੰਕੜੇ ਦੱਸਦੇ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੀ ਗਈ ਸਖ਼ਤੀ ਕੰਮ ਆ ਰਹੀ ਹੈ, ਜਿਸ ਨਾਲ ਕੋਰੋਨਾ 'ਤੇ ਕੁਝ ਹੱਦ ਤਕ ਠੱਲ੍ਹ ਪਾਉਣ 'ਚ ਕਾਮਯਾਬ ਹੋ ਰਹੇ ਹਨ।
ਜੇਕਰ ਬੀਤੇ ਇੱਕ ਹਫ਼ਤੇ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੋਰੋਨਾ ਦੇ ਮਾਮਲੇ ਰੋਜ਼ਾਨਾ ਇੱਕ ਹਜ਼ਾਰ ਤੋਂ ਉਪਰ ਆ ਰਹੇ ਸਨ ਅਤੇ ਮੌਤਾਂ ਵੀ 30 ਜਾਂ ਇਸ ਤੋਂ ਜ਼ਿਆਦਾ ਰੋਜ਼ਾਨਾ ਦਰਜ ਕੀਤੀਆਂ ਜਾ ਰਹੀਆਂ ਸੀ। ਇਸ ਤੋਂ ਸਾਹਮਣੇ ਆਇਆ ਕਿ ਪ੍ਰਸ਼ਾਸਨ ਦੇ ਸਖ਼ਤ ਰਵੱਈਏ ਨਾਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਅਤੇ ਮੌਤ ਦਰ ਰੋਜ਼ਾਨਾ ਘਟਣੀ ਸ਼ੁਰੂ ਹੋ ਗਈ ਹੈ।
ਕੋਰੋਨਾ ਦੇ ਕੇਸ ਘੱਟਣ ਨਾਲ ਲੁਧਿਆਣਾ ਦੇ ਹਸਪਤਾਲਾਂ 'ਚ ਵੀ ਹੁਣ ਕੁਝ ਮਰੀਜ਼ਾਂ ਦਾ ਅੰਕੜਾ ਘੱਟਣ ਲੱਗਾ ਹੈ। ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਸਰਕਾਰੀ ਹਸਪਤਾਲਾਂ ਵਿੱਚ 189 ਮਰੀਜ਼ ਦਾਖਲ ਹਨ ਜਦੋਂ ਕਿ ਨਿੱਜੀ ਹਸਪਤਾਲਾਂ ਵਿੱਚ 937 ਮਰੀਜ਼ ਇਲਾਜ ਕਰਵਾ ਰਹੇ ਹਨ। ਲੱਗਭਗ ਇੱਕ ਹਫ਼ਤੇ ਬਾਅਦ ਐਕਟਿਵ ਮਰੀਜ਼ ਦਾ ਆਂਕੜਾ ਦਸ ਹਜ਼ਾਰ ਤੋਂ ਹੇਠਾਂ ਆਇਆ ਹੈ। ਮੌਜੂਦਾ ਹਾਲਾਤ ਵਿੱਚ ਲੁਧਿਆਣਾ 'ਚ ਐਕਟਿਵ ਕੇਸਾਂ ਦੀ ਗਿਣਤੀ 9355 ਆਈ ਹੈ। ਇਸ ਤੋਂ ਇਲਾਵਾ ਵੈਂਟੀਲੇਟਰ 'ਤੇ 51 ਮਰੀਜ਼ ਆਪਣਾ ਇਲਾਜ ਕਰਵਾ ਰਹੇ ਹਨ। ਜਿਨ੍ਹਾਂ ਵਿੱਚੋਂ 28 ਲੁਧਿਆਣਾ ਜ਼ਿਲ੍ਹੇ ਤੋਂ ਹਨ, ਜਦੋਂਕਿ 23 ਮਰੀਜ਼ ਹੋਰਨਾਂ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਸਬੰਧਤ ਹਨ। ਇਸੇ ਤਰ੍ਹਾਂ 7664 ਲੋਕ ਹੋਮ ਆਈਸੋਲੇਸ਼ਨ ਵਿੱਚ ਆਪਣਾ ਇਲਾਜ ਕਰ ਰਹੇ ਹਨ।
ਇਹ ਵੀ ਪੜ੍ਹੋ:ਕੋਰੋਨਾ ਤੋਂ ਬਚਾਅ ਲਈ ਇਹ ਨੌਜਵਾਨ ਕਰ ਰਿਹਾ ਕੁਝ ਖ਼ਾਸ ਉਪਰਾਲਾ...