ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ 'ਤੇ ਬੀਤੇ ਦਿਨੀਂ ਇੱਕ ਔਰਤ ਵੱਲੋਂ ਬਲਾਤਕਾਰ ਦੇ ਦੋਸ਼ ਲਗਾਏ ਗਏ ਸਨ ਜਿਸ ਨੂੰ ਲੈ ਕੇ ਹੁਣ ਸਿਆਸਤ ਭਖ਼ਣੀ ਸ਼ੁਰੂ ਹੋ ਗਈ ਹੈ ਅਤੇ ਇਸੇ ਨੂੰ ਲੈ ਕੇ ਅਕਾਲੀ ਦਲ ਲੀਡਰਸ਼ਿਪ ਨੇ ਇੱਕ ਪ੍ਰੈਸ ਕਾਨਫ਼ਰੰਸ ਕਰ ਕੇ ਬੈਂਸ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਦੀ ਪੁਲਿਸ ਸਿਮਰਜੀਤ ਬੈਂਸ ਨੂੰ ਪਨਾਹ ਦੇ ਰਹੀ ਹੈ ਤੇ ਸੂਬੇ ਦੀ ਸਰਕਾਰ ਵੀ ਇਸ ਵਿੱਚ ਮਿਲੀ ਹੋਈ ਹੈ। ਅਕਾਲੀ ਦਲ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਮਹਿਲਾ ਵੱਲੋਂ ਸਿੱਧਾ ਬੈਂਸ ਦਾ ਨਾਂਅ ਲੈ ਕੇ ਉਸ 'ਤੇ ਇਲਜ਼ਾਮ ਲਗਾਏ ਗਏ ਹਨ ਇਸ ਦੇ ਬਾਵਜੂਦ ਅਜੇ ਤੱਕ ਕੋਈ ਐਫ਼ਆਈਆਰ ਵੀ ਰਜਿਸਟਰ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਬੈਂਸ ਭਰਾਵਾਂ ਨੂੰ ਪਨਾਹ ਦੇ ਰਹੀ ਹੈ। ਉਨ੍ਹਾ ਸਵਾਲ ਚੁੱਕਦਿਆਂ ਕਿਹਾ ਕਿ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਇਕ ਵੱਡਾ ਸਵਾਲ ਹੈ ਜਦੋਂ ਕਿ ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਹਨ ਕਿ ਬਲਾਤਕਾਰ ਦੇ ਮਾਮਲੇ ਵਿੱਚ ਸਭ ਤੋਂ ਪਹਿਲਾਂ ਐਫ ਆਈ ਆਰ ਹੋਣੀ ਚਾਹੀਦੀ ਹੈ
ਅਕਾਲੀ ਦਲ ਦੇ ਆਗੂਆਂ ਨੇ ਸਾਫ਼ ਕਿਹਾ ਕਿ ਬੈਂਸ ਦੇ ਖ਼ਿਲਾਫ਼ ਉਹ ਮੋਰਚਾ ਖੋਲ੍ਹ ਚੁੱਕੇ ਹਨ ਕਿਉਂਕਿ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ
ਹੀਰਾ ਸਿੰਘ ਗਾਬੜੀਆ ਨੇ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਬੈਂਸ ਭਰਾਵਾਂ ਦੇ ਕੋਲ ਕੁਝ ਸਾਲਾਂ 'ਚ ਹੀ ਇੰਨੀ ਪ੍ਰੋਪਰਟੀ ਕਿੱਥੋਂ ਆ ਗਈ।