ਲੁਧਿਆਣਾ: ਮੁੱਲਾਂਪੁਰ ਦਾਖਾ ਥਾਣੇ ਦੇ ਐੱਸਐੱਚਓ ਪ੍ਰੇਮ ਸਿੰਘ ਦੀ ਕਾਰਗੁਜ਼ਾਰੀ ਤੋਂ ਇੱਕ ਸਿੰਘ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਐੱਸਐੱਚਓ ਨੂੰ ਬੁਲੇਟ ਮੋਟਰਸਾਈਕਲ ਹੀ ਗਿਫਟ ਕਰ ਦਿੱਤਾ। ਦਰਅਸਲ ਸਾਲ 2017 'ਚ ਜਗਸੀਰ ਸਿੰਘ ਨਾਮੀ ਸਿੰਘ ਨੂੰ ਪੁਲਿਸ ਵੱਲੋਂ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਇਸ ਦੌਰਾਨ ਉਸ ਦੀ ਸ੍ਰੀ ਸਾਹਿਬ ਖੁੱਲ੍ਹਵਾ ਲਈ ਗਈ। 8 ਮਹੀਨੇ 3 ਦਿਨ ਬਾਅਦ ਜਦੋਂ ਉਹ ਵਾਪਿਸ ਰਿਹਾਅ ਹੋ ਕੇ ਆਇਆ ਤਾਂ ਥਾਣੇ ਜਾ ਕੇ ਆਪਣੀ ਸ੍ਰੀ ਸਾਹਿਬ ਮੰਗੀ।ਪਰ ਕਈ ਚੱਕਰ ਕੱਟਣ ਤੋਂ ਬਾਅਦ ਵੀ ਉਸ ਨੂੰ ਸ੍ਰੀ ਸਾਹਿਬ ਨਹੀਂ ਮਿਲੀ।
ਇਸ ਦੌਰਾਨ ਐੱਸਐੱਚਓ ਬਦਲ ਗਿਆ। ਜਗਸੀਰ ਸਿੰਘ ਨੇ ਐੱਸਜੀਪੀਸੀ, ਸ੍ਰੀ ਅਕਾਲ ਤਖ਼ਤ ਸਾਹਿਬ ਇੱਥੋਂ ਤੱਕ ਕਿ ਡੀਜੀਪੀ ਪੰਜਾਬ ਤੱਕ ਵੀ ਪਹੁੰਚ ਕੀਤੀ ਪਰ ਉਸ ਨੂੰ ਆਪਣੀ ਸ੍ਰੀ ਸਾਹਿਬ ਨਹੀਂ ਮਿਲੀ। ਜਦੋਂ ਮੌਜੂਦਾ ਦਾਖਾ ਦੇ ਐੱਸਐੱਚਓ ਪ੍ਰੇਮ ਸਿੰਘ ਦੇ ਕੋਲ ਇਹ ਮਾਮਲਾ ਗਿਆ ਤਾਂ ਉਸ ਨੇ 6 ਦਿਨ ਵਿੱਚ ਹੀ ਮਾਲਖਾਨੇ ਤੋਂ ਸ੍ਰੀ ਸਾਹਿਬ ਲੱਭ ਕੇ ਸਿੰਘ ਨੂੰ ਸੌਂਪ ਦਿੱਤੀ। ਇਸ ਤੋਂ ਸਿੰਘ ਇੰਨਾ ਖ਼ੁਸ਼ ਹੋਇਆ ਕਿ ਉਸ ਨੇ ਐੱਸਐੱਚਓ ਨੂੰ ਬੁਲੇਟ ਮੋਟਰਸਾਈਕਲ ਹੀ ਤੋਹਫ਼ੇ ਵਜੋਂ ਭੇਟ ਕਰ ਦਿੱਤਾ।
ਹਾਲਾਂਕਿ ਮੋਟਰਸਾਈਕਲ ਲੈਣ ਤੋਂ ਬਾਅਦ ਥਾਣੇ ਵਿੱਚ ਹੀ ਐੱਸਐੱਚਓ ਪ੍ਰੇਮ ਸਿੰਘ ਨੇ ਇੱਕ ਚੱਕਰ ਲਾ ਕੇ ਇਹ ਤੋਹਫਾ ਜਗਸੀਰ ਸਿੰਘ ਦੇ ਪੁੱਤਰ ਨੂੰ ਹੀ ਆਪਣਾ ਭਤੀਜਾ ਬਣਾ ਕੇ ਦੇ ਦਿੱਤਾ। ਜਗਸੀਰ ਸਿੰਘ ਦੇ ਪੁੱਤਰ ਮਨਵੀਰ ਨੇ ਇਸ ਬੁਲੇਟ 'ਤੇ ਗਿਫਟ ਫਰੋਮ ਤਾਇਆ ਜੀ ਲਿਖਵਾਇਆ ਹੋਇਆ ਹੈ।
ਦੱਸਣਯੋਗ ਹੈ ਕਿ ਇੱਕ ਸਿੰਘ ਜਿਸ ਨੂੰ ਪੁਲਿਸ ਨੇ ਹੀਂ ਕਿਸੇ ਪੁਰਾਣੇ ਮੁਕੱਦਮੇ 'ਚ ਫਸਾ ਕੇ ਜੇਲ ਭੇਜ ਦਿੱਤਾ, ਉਸੇ ਸਿੰਘ ਨੇ ਆਪਣੀ ਸ੍ਰੀ ਸਾਹਿਬ ਲਈ ਨਾ ਸਿਰਫ ਜੱਦੋ ਜਹਿਦ ਕੀਤੀ ਪਰ ਸ੍ਰੀ ਸਾਹਿਬ ਮਿਲਣ ਤੇ ਇੰਨੀ ਖੁਸ਼ੀ ਪ੍ਰਗਟਾਈ ਕਿ ਪੂਰੇ ਪਰਿਵਾਰ ਨੇ ਨਾ ਸਿਰਫ ਐਸਐਚਓ ਦਾ ਧੰਨਵਾਦ ਕੀਤਾ ਸਗੋਂ ਉਸ ਨੂੰ ਬੇਸ਼ਕੀਮਤੀ ਤੋਹਫਿਆਂ ਨਾਲ ਵੀ ਨਿਵਾਜਿਆ।