ਲੁਧਿਆਣਾ: ਅਕਾਲੀ ਦਲ ਨੇ ਬੀਤੇ ਦਿਨੀਂ ਭਾਜਪਾ ਨਾਲ ਕਈ ਸਾਲਾਂ ਪੁਰਾਣਾ ਨਾਤਾ ਤੋੜ ਲਿਆ ਹੈ। ਇਸ ਤੋਂ ਬਾਅਦ ਸਿਆਸਤ ਗਰਮਾ ਗਈ ਅਤੇ ਬਿਆਨਬਾਜ਼ੀਆਂ ਦਾ ਸਿਲਸਿਲਾ ਜਾਰੀ ਹੈ। ਜਿਥੇ ਭਾਜਪਾ ਨੇ ਇਸ ਨੂੰ ਮੰਦਭਾਗਾ ਕਰਾਰ ਦਿੰਦਿਆਂ ਪਾਰਟੀ ਨੂੰ ਹੁਣ ਪੰਜਾਬ 'ਚ ਹੋਰ ਮਜ਼ਬੂਤ ਕਰਨ ਦਾ ਦਾਅਵਾ ਕੀਤਾ ਹੈ, ਉਥੇ ਦੂਜੇ ਪਾਸੇ ਕਾਂਗਰਸ ਨੇ ਇਸ ਨੂੰ ਡਰਾਮਾ ਕਰਾਰ ਕਰਦਿਆਂ ਕਿਹਾ ਕਿ ਹੁਣ ਅਕਾਲੀ ਦਲ ਦੀ ਮਜਬੂਰੀ ਬਣ ਗਈ ਸੀ। ਉਧਰ ਸਿਮਰਜੀਤ ਬੈਂਸ ਨੇ ਵੀ ਕਿਹਾ ਕਿ ਭਾਜਪਾ ਨਾਲ ਅਕਾਲੀ ਦਲ ਦੇ ਰਿਸ਼ਤੇ ਪਹਿਲਾਂ ਹੀ ਖਰਾਬ ਚੱਲ ਰਹੇ ਹਨ ਜੇਕਰ ਅਕਾਲੀ ਦਲ ਦੀ ਕਾਰਗੁਜ਼ਾਰੀ ਚੰਗੀ ਹੁੰਦੀ ਤਾਂ ਮੋਦੀ ਸਰਕਾਰ ਉਨ੍ਹਾਂ ਦੀ ਗੱਲ ਜ਼ਰੂਰ ਸੁਣਦੀ।
ਭਾਜਪਾ ਦੇ ਸੀਨੀਅਰ ਆਗੂ ਪ੍ਰਵੀਨ ਬਾਂਸਲ ਨੇ ਕਿਹਾ ਹੈ ਕਿ ਅਕਾਲੀ ਦਲ ਵੱਲੋਂ ਇਹ ਫੈਸਲਾ ਜਲਦਬਾਜੀ ਵਿੱਚ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਪੁਰਾਣਾ ਰਿਸ਼ਤਾ ਸੀ ਪਰ ਜਲਦਬਾਜੀ 'ਚ ਅਕਾਲੀ ਦਲ ਵੱਲੋਂ ਇਹ ਰਿਸ਼ਤਾ ਖਤਮ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਭਾਜਪਾ ਪਹਿਲਾਂ ਹੀ ਪੰਜਾਬ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰ ਰਿਹਾ ਹੈ। ਬਾਂਸਲ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ 'ਚ ਪਹਿਲਾਂ ਅਕਾਲੀ-ਭਾਜਪਾ ਸਰਕਾਰ ਬਣਨ ਦੀ ਉਨ੍ਹਾਂ ਨੂੰ ਉਮੀਦ ਸੀ ਪਰ ਹੁਣ ਭਾਜਪਾ ਆਪਣੇ ਦਮ 'ਤੇ ਸਰਕਾਰ ਬਣਾਏਗੀ।
ਦੂਜੇ ਪਾਸੇ ਲੁਧਿਆਣਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਜੋ ਇਹ ਫੈਸਲਾ ਲਿਆ ਗਿਆ ਹੈ, ਇਸ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹੈ। ਇਸ ਨਾਲ ਨਾ ਤਾਂ ਮੋਦੀ ਸਰਕਾਰ ਇਹ ਬਿਲ ਵਾਪਸ ਲੈ ਲਵੇਗੀ ਅਤੇ ਨਾ ਹੀ ਇਹ ਭਾਜਪਾ ਜਾ ਅਕਾਲੀ ਦਲ ਨੂੰ ਕੋਈ ਸਿਆਸੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਮੁੜ ਤੋਂ ਗਠਜੋੜ ਕਰ ਸਕਦੇ ਹਨ, ਪਰ ਗੱਲ ਤਾਂ ਉਦੋਂ ਸੀ ਜਦੋਂ ਹਰਸਿਮਰਤ ਬਾਦਲ ਬਿੱਲ ਲੋਕ ਸਭਾ ਚੱਲੀਏ ਆਉਂਦੇ ਸਾਰ ਹੀ ਅਸਤੀਫ਼ਾ ਦੇ ਦਿੰਦੇ।
ਉਧਰ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਕਿ ਜੇਕਰ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਚੰਗੀ ਤਰ੍ਹਾਂ ਸਰਕਾਰ ਚਲਾਈ ਹੁੰਦੀ ਤਾਂ ਕੇਂਦਰ ਦੀ ਮੋਦੀ ਸਰਕਾਰ ਉਨ੍ਹਾਂ ਦੀ ਖੇਤੀ ਬਿਲ 'ਤੇ ਰਾਏ ਜ਼ਰੂਰ ਜਾਣਦੀ। ਉਨ੍ਹਾਂ ਨੂੰ ਆਪਣੀ ਸਲਾਹ ਦਾ ਪੂਰਾ ਮੌਕਾ ਦਿਤਾ ਜਾਂਦਾ ਪਰ ਭਾਜਪਾ ਚੰਗੀ ਤਰ੍ਹਾ ਜਾਣਦੀ ਹੈ ਕਿ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਜੋ ਲੁੱਟ ਮਚਾਈ ਹੈ, ਇਸ ਕਰਕੇ ਉਨ੍ਹਾਂ ਵੱਲੋਂ ਇਹ ਕਿਨਾਰਾ ਕੀਤਾ ਗਿਆ। ਉਨ੍ਹਾ ਕਿਹਾ ਕਿ ਭਾਜਪਾ ਦੇ ਲੀਡਰਾਂ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਬਚਾਉਣ ਲਈ ਉਹ ਇਹ ਬਿੱਲ ਰੱਦ ਕਰਵਾਉਣ।