ਲੁਧਿਆਣਾ: ਡੀਜੀਪੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਲਗਾਤਾਰ ਸਿਆਸਤ ਭੱਖਦੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਵਿਰੋਧੀ ਧਿਰ ਦੇ ਆਗੂ ਕੈਪਟਨ ਸਰਕਾਰ ਨੂੰ ਇਸ ਮੁੱਦੇ ਉੱਤੇ ਘੇਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਾਂਗਰਸੀ ਆਗੂ ਡੀਜੀਪੀ ਦਾ ਬਚਾਅ ਕਰਦੇ ਨਜ਼ਰ ਆ ਰਹੇ ਹਨ।
ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਡੀਜੀਪੀ ਦੇ ਹੱਕ ਵਿੱਚ ਬਿਆਨ ਦਿੰਦੇ ਨਜ਼ਰ ਆਏ। ਰਵਨੀਤ ਸਿੰਘ ਬਿੱਟੂ ਨੇ ਡੀਜੀਪੀ ਦੇ ਹੱਕ 'ਚ ਬੋਲਦਿਆਂ ਕਿਹਾ ਕਿ ਕੋਈ ਪੁਲਿਸ ਅਧਿਕਾਰੀ ਪਾਰਟੀ ਪੱਖੀ ਨਾ ਹੋ ਕੇ ਸਿਰਫ਼ ਕਾਨੂੰਨ ਦੇ ਦਾਇਰੇ 'ਚ ਆਪਣਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਡੀਜੀਪੀ ਦੇ ਬਿਆਨਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਹਨ। ਜਦਕਿ ਡੀਜੀਪੀ ਦਿਨਕਰ ਗੁਪਤਾ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹੋਏ ਆਪਣਾ ਕੰਮ ਕਰ ਰਹੇ ਹਨ।
ਰਵਨੀਤ ਬਿੱਟੂ ਨੇ ਕਿਹਾ ਹੈ ਕਿ ਬਿਕਰਮ ਮਜੀਠੀਆ ਗ਼ਲਤ ਢੰਗ ਨਾਲ ਦਿਨਕਰ ਗੁਪਤਾ ਦੇ ਬਿਆਨ ਨੂੰ ਲੋਕਾਂ ਅੱਗੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਜਦ ਕਿ ਡੀਜੀਪੀ ਨੇ ਅਜਿਹਾ ਸਿਰਫ਼ ਲੋਕਾਂ ਨੂੰ ਅਗਾਹ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ, ਤੇ ਪੰਜਾਬ ਦੇ ਡੀਜੀਪੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ, ਕਿ ਉਹ ਸੂਬੇ ਤੇ ਦੇਸ਼ ਦੀ ਸੁਰੱਖਿਆ ਲਈ ਲੋਕਾਂ ਨੂੰ ਪਹਿਲਾਂ ਤੋਂ ਹੀ ਸੁਚੇਤ ਕਰਨ।
ਹੋਰ ਪੜ੍ਹੋ :'ਸਾਡਾ ਸਭ ਦਾ ਇੱਕੋ ਮਕਸਦ... ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਚੁੰਗਲ ਤੋਂ ਅਜ਼ਾਦ ਕਰਵਾਉਣਾ'
ਇਸ ਤੋਂ ਇਲਾਵਾ ਰਵਨੀਤ ਬਿੱਟੂ ਨੇ ਬਿਕਰਮ ਮਜੀਠੀਆ ਤੇ ਮਸੀਹ ਦੇ ਆਪਸੀ ਸਬੰਧਾਂ ਬਾਰੇ ਬੋਲਦੇ ਹੋਏ ਕਿਹਾ ਕਿ ਹੈਰੋਇਨ ਮਾਮਲੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਵਿੱਚ ਕਈ ਸਵਾਲ ਖੜ੍ਹੇ ਹੋਣਗੇ। ਇਨ੍ਹਾਂ ਸਵਾਲਾਂ ਤੋਂ ਬੱਚਣ ਲਈ ਮਜੀਠੀਆ, ਡੀਜੀਪੀ ਦੇ ਬਿਆਨਾਂ ਨੂੰ ਮੁੱਦਾ ਬਣਾ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਜੀਠੀਆ ਜਾਣ ਬੁੱਝ ਕੇ ਇੱਕ ਸਾਧਾਰਨ ਜਿਹੇ ਮੁੱਦੇ ਨੂੰ ਧਾਰਮਿਕ ਮੁੱਦੇ ਦਾ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।