ਲੁਧਿਆਣਾ : ਪ੍ਰਾਈਵੇਟ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਵਿਚਾਲੇ ਅਜੇ ਤੱਕ ਸਕੂਲ ਫੀਸ ਦਾ ਮਾਮਲਾ ਸੁਲਝ ਨਹੀਂ ਸਕਿਆ ਹੈ। ਅਜਿਹੇ 'ਚ ਸਕੂਲ ਫੀਸ ਮਾਮਲੇ ਨੂੰ ਲੈ ਕੇ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵੱਲੋਂ ਮਨਮਾਨੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਨੇ ਵਿਦਿਆਰਥੀ ਨੂੰ ਸਕੂਲ ਤੋਂ ਮਹਿਜ਼ ਇਸ ਲਈ ਕੱਢ ਦਿੱਤਾ ਕਿ ਉਸ ਦੇ ਮਾਪਿਆਂ ਨੇ ਅਡਵਾਂਸ ਫੀਸ ਨਹੀਂ ਭਰੀ। ਸਕੂਲ ਪ੍ਰਬੰਧਕਾਂ ਵੱਲੋਂ ਲਗਾਤਾਰ ਬੱਚੇ ਤੇ ਉਸ ਦੇ ਮਾਪਿਆਂ 'ਤੇ ਫੀਸ ਅਦਾ ਕਰਨ ਲਈ ਦਬਾਅ ਪਾਇਆ ਗਿਆ। ਸਕੂਲ ਵੱਲੋਂ ਕੱਢੇ ਜਾਣ ਦੇ ਚਲਦੇ ਚੌਥੀ ਜਮਾਤ ਵਿੱਚ ਪੜ੍ਹਨ ਵਾਲਾ ਮਾਧਵ ਸਦਮੇ 'ਚ ਚਲਾ ਗਿਆ ਹੈ।
ਵਿਦਿਆਰਥੀ ਦੇ ਪਿਤਾ ਸਾਹਿਲ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਸ਼ਹਿਰ ਦੇ ਇੱਕ ਨਾਮੀ ਪ੍ਰਾਈਵੇਟ ਸਕੂਲ 'ਚ ਪੜ੍ਹਦਾ ਹੈ। ਕੋਰੋਨਾ ਵਾਇਰਸ ਕਾਰਨ ਲੌਕਡਾਊਨ ਦੇ ਦੌਰਾਨ ਸਕੂਲ ਬੰਦ ਰਹੇ। ਅਪ੍ਰੈਲ ਦੇ ਮਹੀਨੇ 'ਚ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਸ਼ੁਰੂ ਕਰਵਾਈ ਗਈ। ਮਹਿਜ਼ ਕੁੱਝ ਕੁ ਦਿਨ ਆਨਲਾਈਨ ਪੜ੍ਹਾਈ ਕਰਵਾਏ ਜਾਣ ਤੋਂ ਬਾਅਦ ਸਕੂਲ ਵੱਲੋਂ 3 ਮਹੀਨੇ ਦੀ ਅਡਵਾਂਸ ਫੀਸ ਦੀ ਮੰਗ ਕੀਤੀ ਗਈ।
ਉਨ੍ਹਾਂ ਆਪਣਾ ਪੱਖ ਰੱਖਦੇ ਹੋਏ ਸਕੂਲ ਪ੍ਰਬੰਧਕਾਂ ਨੂੰ ਦੱਸਿਆ ਕਿ ਲੌਕਡਾਊਨ ਦੇ ਚਲਦੇ ਉਨ੍ਹਾਂ ਦੇ ਕੰਮਕਾਜ ਠੱਪ ਪਏ ਹਨ ਤੇ ਉਹ ਇੱਕ ਮਹੀਨੇ ਦੀ ਫੀਸ ਹੀ ਭਰ ਸਕਦੇ ਹਨ। ਸਾਹਿਲ ਗੁਪਤਾ ਨੇ ਕਿਹਾ ਉਨ੍ਹਾਂ 'ਤੇ ਲਗਾਤਾਰ ਫੀਸ ਭਰਨ ਦਾ ਦਬਾਅ ਪਾਇਆ ਗਿਆ ਤੇ ਜਦ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤਾਂ ਬੱਚੇ ਨੂੰ ਸਕੂਲ 'ਚੋਂ ਕੱਢ ਦਿੱਤਾ ਗਿਆ।
ਵਿਦਿਆਰਥੀ ਦੀ ਮਾਂ ਨਿਤਿਕਾ ਗੁਪਤਾ ਨੇ ਦੱਸਿਆ ਕਿ ਬੱਚੇ ਨੂੰ ਬਿਨ੍ਹਾਂ ਦੱਸੇ ਸਕੂਲ ਦੇ ਆਨਲਾਈਨ ਪੜ੍ਹਾਈ ਗਰੁੱਪ ਚੋਂ ਕੱਟ ਦਿੱਤਾ। ਉਨ੍ਹਾਂ ਸਕੂਲ ਪ੍ਰਬੰਧਕਾਂ ਉੱਤੇ ਮਾਪਿਆਂ ਨੂੰ ਬਿਨਾਂ ਦੱਸੇ ਬੱਚੇ ਨੂੰ ਸਕੂਲ ਤੋਂ ਕੱਢਣ ਤੇ ਮਨਮਾਨੀ ਕੀਤੇ ਜਾਣ ਦੇ ਦੋਸ਼ ਲਾਏ। ਅਚਾਨਕ ਸਕੂਲ ਚੋਂ ਕੱਢੇ ਜਾਣ ਤੋਂ ਬਾਅਦ ਉਨ੍ਹਾਂ ਦੇ ਬੇਟਾ ਮਾਨਸਕਿ ਤਣਾਅ 'ਚ ਆ ਗਿਆ ਅਤੇ ਸਦਮੇਂ ਵਿੱਚ ਹੈ। ਪੀੜਤ ਪਰਿਵਾਰ ਉਕਤ ਸਕੂਲ ਪ੍ਰਬੰਧਕਾਂ ਖਿਲਾਫ ਪੁਲਿਸ ਕਾਰਵਾਈ ਦੀ ਮੰਗ ਕੀਤੀ ਹੈ।