ਲੁਧਿਆਣਾ: ਦੇਸ਼ ਦੇ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਉਮਰ 66 ਸਾਲ ਦੇ ਕਰੀਬ ਸੀ। ਉਨ੍ਹਾਂ ਕੌਮੀ ਅਤੇ ਕੌੰਮਾਂਤਰੀ ਕ੍ਰਿਕਟ 'ਚ ਅਹਿਮ ਭੂਮਿਕਾ ਨਿਭਾਈ ਸੀ। ਸਾਲ 1983 ਦੇ ਕ੍ਰਿਕਟ ਵਿਸ਼ਵ ਕੱਪ 'ਚ ਯਸ਼ਪਾਲ ਸ਼ਰਮਾ ਨੇ ਅਹਿਮ ਜਿੰਮੇਵਾਰੀ ਨਿਭਾਈ ਸੀ। ਉਨ੍ਹਾਂ ਦੀ ਮੌਤ ਨਾਲ ਜਿਥੇ ਕ੍ਰਿਕਟ ਜਗਤ 'ਚ ਸੋਗ ਦੀ ਲਹਿਰ ਹੈ, ਉਥੇ ਹੀ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ 'ਚ ਗਮ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਮੌਕੇ ਉਨ੍ਹਾਂ ਦੇ ਸਾਥੀ ਰਹੇ ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਵਲੋਂ ਭਾਵੁਕ ਮਨ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ। ਉਨ੍ਹਾਂ ਦਾ ਕਹਿਣਾ ਕਿ ਕ੍ਰਿਕਟ ਦਾ ਉਨ੍ਹਾਂ ਵਿੱਚ ਜਨੂੰਨ ਸੀ ਅਤੇ ਲੁਧਿਆਣਾ ਤੋਂ ਇਕੱਠਿਆਂ ਹੀ ਉਨ੍ਹਾਂ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਸਤੀਸ਼ ਕੁਮਾਰ ਰਣਜੀ ਟਰਾਫੀ ਤੱਕ ਖੇਡੇ ਪਰ ਯਸ਼ਪਾਲ ਸ਼ਰਮਾ ਕਾਫ਼ੀ ਲੰਮੀ ਦੌੜ ਦੇ ਘੋੜੇ ਸਾਬਿਤ ਹੋਏ ਅਤੇ ਭਾਰਤ ਦੀ ਕ੍ਰਿਕਟ ਟੀਮ ਦਾ ਉਹ ਹਿੱਸਾ ਰਹੇ।
ਉਨ੍ਹਾਂ ਨੇ ਦੱਸਿਆ ਜਦੋਂ ਸਾਲ 1983 'ਚ ਵਿਸ਼ਵ ਕੱਪ ਭਾਰਤ ਨੇ ਜਿੱਤਿਆ ਤਾਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਯਸ਼ਪਾਲ ਸ਼ਰਮਾ ਦੇ ਸਵਾਗਤ ਲਈ ਤਾਂਤਾ ਲੱਗ ਗਿਆ। ਲੋਕਾਂ ਨੇ ਉਨ੍ਹਾਂ ਨੂੰ ਹੱਥਾਂ ਵਿੱਚ ਚੁੱਕਿਆ। ਉਨ੍ਹਾਂ ਨੇ ਦੱਸਿਆ ਕਿ ਕ੍ਰਿਕਟ ਖੇਡਣ ਲਈ ਉਨ੍ਹਾਂ ਦੇ ਵਿੱਚ ਬਹੁਤ ਜਜ਼ਬਾ ਸੀ ਅਤੇ ਲੁਧਿਆਣਾ ਪ੍ਰਤੀ ਵਿਸ਼ੇਸ਼ ਪਿਆਰ ਸੀ।
ਇਹ ਵੀ ਪੜ੍ਹੋ:ਦੇਖੋ ਯਸ਼ਪਾਲ ਸ਼ਰਮਾ ਦੀ ਯਾਦਗਾਰ ਪਾਰੀ , ਜਿਸ ਨੇ ਵਿਸ਼ਵ ਚੈਂਪੀਅਨ ਬਣਾਇਆ ਭਾਰਤ