ਲੁਧਿਆਣਾ: ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਤੇ ਭਾਜਪਾ ਆਗੂ ਮਦਨ ਮੋਹਨ ਮਿੱਤਲ ਅੱਜ ਲੁਧਿਆਣਾ ਪੁਜੇ। ਇੱਥੇ ਉਨ੍ਹਾਂ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਆਰਡੀਨੈਂਸਾਂ ਬਾਰੇ ਸਰਕਾਰ ਦਾ ਪੱਖ ਰੱਖਿਆ।
ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਦੇ ਰੂਬਰੂ ਹੁੰਦੇ ਹੋਏ ਮਦਨ ਮੋਹਨ ਮਿੱਤਲ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹੱਕ 'ਚ ਖੇਤੀ ਆਰਡੀਨੈਂਸ ਦਾ ਫੈਸਲਾ ਲਿਆ ਹੈ। ਇਨ੍ਹਾਂ ਆਰਡੀਨੈਂਸਾਂ ਰਾਹੀਂ ਇੱਕ ਦੇਸ਼ ਇੱਕ ਮੰਡੀ ਰਾਹੀਂ ਕਿਸਾਨ ਆਪਣੀ ਫਸਲ ਸਿੱਧੇ ਤੌਰ 'ਤੇ ਕੌਮਾਂਤਰੀ ਮੰਡੀਆਂ ਵਿੱਚ ਵੇਚ ਸਕਣਗੇ। ਉਹ ਆਪਣੇ ਸੂਬੇ ਤੋਂ ਬਾਹਰ ਜਾ ਕੇ ਵੀ ਅਸਾਨੀ ਨਾਲ ਆਪਣੀ ਫਸਲ ਵੇਚ ਸਕਦੇ ਹਨ। ਅਕਾਲੀ ਦਲ ਵੱਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮਦਨ ਮੋਹਨ ਨੇ ਸੁਖਬੀਰ ਬਾਦਲ ਨੂੰ ਖ਼ਾਸ ਸਲਾਹ ਦਿੱਤੀ। ਉਨ੍ਹਾਂ ਆਖਿਆ ਕਿ ਮੈਂ ਸੁਖਬੀਰ ਬਾਦਲ ਨੂੰ ਇਹ ਸਲਾਹ ਦੇਣਾ ਚਾਹੁੰਦਾ ਹਾਂ ਕਿ ਜੇਕਰ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਉਹ ਕੇਂਦਰ ਸਰਕਾਰ ਦੀ ਬਜਾਏ ਕੰਪਨੀਆਂ ਦਾ ਵਿਰੋਧ ਕਰਨ। ਕਿਉਂਕਿ ਤੇਲ ਦੀਆਂ ਕੀਮਤਾਂ ਤੇਲ ਕੰਪਨੀਆਂ ਵੱਲੋਂ ਤੈਅ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਫਿਰ ਵੀ ਸੰਤੁਸ਼ਟ ਨਹੀਂ ਹਨ ਤਾਂ ਉਹ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਮੋਦੀ ਨਾਲ ਇਸ ਸਮੱਸਿਆ ਬਾਰੇ ਗੱਲ ਕਰਨ।
ਮਦਨ ਮੋਹਨ ਨੇ ਖੇਤੀ ਆਰਡੀਨੈਂਸ 'ਤੇ ਤੇਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਹੋ ਰਹੇ ਵਿਰੋਧ ਬਾਰੇ ਕਿਹਾ ਕਿ ਵਿਰੋਧੀ ਧਿਰ ਲੋਕਾਂ ਨੂੰ ਭੜਕਾ ਰਿਹਾ ਹੈ। ਤੇਲ ਦੀ ਕੀਮਤ ਸਰਕਾਰ ਨਹੀਂ ਸਗੋਂ ਤੇਲ ਕੰਪਨੀਆਂ ਤੈਅ ਕਰਦਿਆਂ ਹਨ। ਦੂਜਾ ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਕਿਸਾਨਾਂ ਦੇ ਹੱਕ 'ਚ ਲਾਗੂ ਕੀਤੇ ਗਏ ਹਨ। ਜਦਕਿ ਵਿਰੋਧੀ ਧਿਰ ਵੱਲੋਂ ਕਿਸਾਨਾਂ ਨੂੰ ਮੋਦੀ ਸਰਕਾਰ ਵਿਰੁੱਧ ਭੜਕਾਇਆ ਜਾ ਰਿਹਾ ਹੈ।