ਲੁਧਿਆਣਾ: ਡੀਸੀ ਦਫ਼ਤਰ ਅੱਗੇ ਵੀਰਵਾਰ ਨੂੰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਵੱਡੀ ਤਦਾਦ 'ਚ ਆਏ ਸਕੂਲ ਬੱਸ ਦੇ ਡਰਾਈਵਰਾਂ ਤੇ ਕੰਡਕਟਰਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਨ੍ਹਾਂ ਡਰਾਈਵਰਾਂ ਨੇ ਪ੍ਰਦਰਸ਼ਨ ਦੌਰਾਨ ਸਰਕਾਰੀ ਸਿੱਖਿਆ ਮੰਤਰੀ ਵਿਰੁੱਧ ਆਪਣੀ ਭੜਾਸ ਕੱਢੀ।
ਇਸ ਦੌਰਾਨ ਇਨ੍ਹਾਂ ਕੰਡਕਟਰਾਂ ਤੇ ਡਰਾਈਵਰਾਂ ਵੱਲੋਂ ਆਪਣੇ ਕੱਪੜੇ ਖੋਲ੍ਹ ਕੇ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਮਰਨ ਦੀ ਕਗਾਰ 'ਤੇ ਆ ਖੜ੍ਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰ ਦਾ ਖਰਚਾ ਨਹੀਂ ਚੱਲ ਰਿਹਾ। ਉਨ੍ਹਾਂ ਕਿਹਾ ਕਿ ਮੰਗ ਕੇ ਰੋਟੀ ਖਾਣ ਨਾਲੋਂ ਚੰਗਾ ਹੈ ਕਿ ਅਸੀਂ ਹੁਣ ਖੁਦਕੁਸ਼ੀ ਹੀ ਕਰ ਲਈਏ।
ਇਸ ਦੌਰਾਨ ਸਕੂਲ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੇ ਕਿਹਾ ਕਿ ਸਕੂਲਾਂ ਤੇ ਬੱਚਿਆਂ ਦੇ ਮਾਪਿਆਂ ਨੇ ਵੀ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਜੇਕਰ ਉਨ੍ਹਾਂ ਨੂੰ ਫ਼ੋਨ ਕੀਤਾ ਜਾਵੇ ਤਾਂ ਉਹ ਫ਼ੋਨ ਨਹੀਂ ਚੁੱਕਦੇ। ਉਨ੍ਹਾਂ ਕਿਹਾ ਕਿ ਸਾਡੀ ਹਾਲਤ ਬਹੁਤ ਖਸਤਾ ਹੋ ਗਈ ਹੈ।
ਬੀਤੇ 2 ਮਹੀਨਿਆਂ ਤੋਂ ਬੱਸਾਂ ਖੜ੍ਹੀਆਂ ਹਨ, ਉਨ੍ਹਾਂ ਨੂੰ ਟੈਕਸ ਭਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਟੈਕਸ ਮਾਫ ਨਹੀਂ ਕਰ ਰਹੀ, ਜਦੋਂ ਕਿ ਸਾਡੀਆਂ ਗੱਡੀਆਂ ਖੜ੍ਹੀਆਂ ਹਨ ਅਤੇ ਉਹ ਹੁਣ ਖ਼ੁਦਕੁਸ਼ੀ ਹੀ ਕਰ ਸਕਦੇ ਹਨ। ਟੈਕਸੀ ਡਰਾਈਵਰਾਂ ਅਤੇ ਸਕੂਲ ਬੱਸ ਡਰਾਈਵਰਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਸਾਰ ਲਵੇ ਤੇ ਟੈਕਸ ਮਾਫ਼ ਕਰੇ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ।