ਲੁਧਿਆਣਾ: ਪੁਲਿਸ ਦੀ ਐੱਸਟੀਐਫ ਟੀਮ ਵੱਲੋਂ ਨਸ਼ੇ ਨੂੰ ਠੱਲ ਪਾਉਣ ਲਈ ਖ਼ਾਸ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਲੁਧਿਆਣਾ ਪੁਲਿਸ ਦੀ ਐੱਸਟੀਐਫ ਟੀਮ ਨੇ ਇੱਕ ਨਸ਼ਾ ਤਸਕਰ ਨੂੰ 510 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ।
ਇਸ ਬਾਰੇ ਦੱਸਦੇ ਹੋਏ ਐੱਸਟੀਐਫ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਲਜ਼ਮ ਬਾਰੇ ਗੁਪਤ ਸੂਚਨਾ ਮਿਲੀ ਸੀ ਕਿ ਉਹ ਟਰਾਂਸਪੋਰਟ ਨਗਰ ਵਿਖੇ ਹੈਰੋਇਨ ਸਪਲਾਈ ਕਰਨ ਜਾ ਰਿਹਾ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਦੀ ਟੀਮ ਵੱਲੋਂ ਟਰਾਂਸਪੋਰਟ ਨਗਰ 'ਚ ਨਾਕਾਬੰਦੀ ਕੀਤੀ ਗਈ । ਨਾਕੇਬੰਦੀ ਦੌਰਾਨ ਇੱਕ ਮੋਟਰਸਾਈਲ ਸਵਾਰ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਹੈਰੋਇਨ ਬਰਾਮਦ ਹੋਈ ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੁਲਸ਼ਨ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਉਸ ਕੋਲੋਂ ਇੱਕ ਇਲੈਕਟ੍ਰੌਨਿਕ ਕੰਡਾ, 510 ਗ੍ਰਾਮ ਹੈਰੋਇਨ ਤੇ ਪਲਾਸਟਿਕ ਦੇ ਛੋਟੇ ਲਿਫਾਫੇ ਬਰਾਮਦ ਕੀਤੇ ਹਨ। ਅਧਿਕਾਰੀ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ 'ਚ ਕੀਮਤ ਲਗਭਗ 2 ਕਰੋੜ 75 ਲੱਖ ਰੁਪਏ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਉੱਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ ਤੇ 6 ਮਹੀਨੇ ਪਹਿਲਾਂ ਹੀ ਉਹ ਜ਼ਮਾਨਤ 'ਤੇ ਬਾਹਰ ਆਇਆ ਸੀ। ਮੁਲਜ਼ਮ ਵਿਰੁੱਧ ਮੋਹਾਲੀ ਵਿਖੇ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।