ਲੁਧਿਆਣਾ: ਸੱਤ ਸਾਲ ਦੇ ਸਹਿਜਪ੍ਰੀਤ ਦੇ ਕਤਲ ਮਾਮਲੇ (sehajpreet murder case) ਦੇ ਵਿੱਚ ਪੁਲਿਸ ਨੇ ਬੱਚੇ ਦੇ ਤਾਏ ਨੂੰ ਮੁਲਜ਼ਮ ਬਨਾਇਆ ਹੈ। ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਬੱਚੇ ਦੇ ਤਾਏ ਨੇ ਮੰਨਿਆ ਹੈ ਕਿ ਉਸ ਨੂੰ ਇਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬੱਚੇ ਦੀ ਪੋਸਟਮਾਰਟਮ ਰਿਪੋਰਟ ਅਜੇ ਤੱਕ ਆਈ ਨਹੀਂ ਹੈ ਇਸ ਲਈ ਅਜੇ ਤੱਕ ਪਤਾ ਨਹੀਂ ਚੱਲ ਪਾਇਆ ਹੈ ਕਿ ਬੱਚੇ ਨੂੰ ਨਹਿਰ ਵਿੱਚ ਮਾਰੇ ਕੇ ਸੁੱਟਿਆ ਹੈ ਜਾ ਫਿਰ ਉਸ ਦੀ ਮੌਤ ਡੁੱਬਣ ਕਾਰਨ ਹੋਈ ਹੈ।
ਏਸੀਪੀ ਹਰੀਸ਼ ਬਹਿਲ ਵੱਲੋਂ ਪ੍ਰੈਸ ਕਾਨਫਰੰਸ (ludhiana police press conference) ਕਰਕੇ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ 18 ਅਗਸਤ ਸ਼ਾਮ ਨੂੰ ਹੀ ਬੱਚੇ ਦਾ ਤਾਇਆ ਸਵਰਨ ਸਿੰਘ ਉਸ ਨੂੰ ਆਪਣੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਜਾਣ ਦੀ ਗੱਲ ਕਹਿ ਕੇ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਿਆ ਸੀ। ਉਸ ਦਾ ਸਾਈਕਲ ਜਗਰਾਉਂ ਪੁਲ ਨੇੜੇ ਰਾਮਗੜ੍ਹੀਆਂ ਗੁਰਦੁਆਰੇ ਬਾਹਰ ਛੱਡ ਦਿੱਤਾ, ਜਿਸ ਤੋਂ ਬਾਅਦ ਉਹ ਬੱਚੇ ਨੂੰ ਪਹਿਲਾਂ ਜਲੰਧਰ ਬਾਈਪਾਸ ਲੈ ਗਿਆ। ਜਦੋਂ ਬੱਚੇ ਨੇ ਰਾਤ ਜ਼ਿਆਦਾ ਹੋਣ ਦੀ ਗੱਲ ਕਹੀ ਤਾਂ ਉਸ ਨੂੰ ਵਾਪਸ ਲੈ ਆਇਆ। ਉਸ ਨੂੰ ਫਿਰ ਪੂਰੀ ਰਾਤ ਗੁਰਦੁਆਰਾ ਕਟਾਣਾ ਸਾਹਿਬ ਆਪਣੇ ਕੋਲ ਹੀ ਰੱਖਿਆ ਸੀ।
ਪੁਲਿਸ ਨੇ ਦੱਸਿਆ ਕਿ ਸਵੇਰੇ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ। ਪੁਲਿਸ ਵੱਲੋਂ ਮੁੱਢਲੀ ਤਫਤੀਸ਼ ਵਿੱਚ ਇਹੀ ਜਾਣਕਾਰੀ ਮਿਲੀ ਹੈ ਕਿ ਬੱਚੇ ਨੂੰ ਉਸ ਨੇ ਨਹਿਰ 'ਚ ਧੱਕਾ ਦੇ ਕੇ ਮਰਿਆ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਹੋਰ ਖੁਲਾਸੇ ਹੋਣਗੇ ਕਿ ਪਹਿਲਾਂ ਮਾਰਿਆ ਗਿਆ ਜਾਂ ਸਿੱਧਾ ਨਹਿਰ 'ਚ ਧੱਕਾ ਦਿੱਤਾ ਗਿਆ ਸੀ। ਹਰੀਸ਼ ਬਹਿਲ ਨੇ ਦੱਸਿਆ ਕਿ 19 ਅਗਸਤ ਨੂੰ ਸਵੇਰੇ ਹੀ ਬੱਚੇ ਨੂੰ ਉਸ ਨੇ ਨਹਿਰ ਵਿਚ ਸੁੱਟਿਆ ਸੀ ਅਤੇ ਉਸ ਦੀ ਲਾਸ਼ ਸਫੈਦੇ ਨਾਲ ਅੜ ਗਈ ਸੀ ਅਤੇ ਅੱਜ ਬਰਾਮਦ ਹੋਈ ਹੈ।
ਏਸੀਪੀ ਹਰੀਸ਼ ਬਹਿਲ ਨੇ ਦੱਸਿਆ ਕਿ ਦੋਵੇਂ ਭੈਣਾਂ ਇੱਕੋ ਹੀ ਘਰ ਵਿਆਹੀਆਂ ਹੋਈਆਂ ਨੇ ਕਾਤਲ ਬੱਚੇ ਦਾ ਤਾਇਆ ਵੀ ਲੱਗਦਾ ਸੀ ਅਤੇ ਮਾਸੜ ਵੀ ਲੱਗਦਾ ਸੀ। ਉਸ ਦੀ ਸਾਲੀ ਅਕਸਰ ਉਸ ਨੂੰ ਆਪਣੀ ਮਾਂ ਦਾ ਨੌਕਰ ਕਹਿ ਦਿੰਦੀ ਸੀ ਜਿਸ ਤੋਂ ਉਸ ਨੇ ਆਪਣੇ ਮਨ ਵਿੱਚ ਰੰਜਿਸ਼ ਰੱਖ ਲਈ। ਇਸ ਦਾ ਬਦਲਾ ਲੈਣ ਲਈ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬੱਚੇ ਦੀ ਹੱਤਿਆ ਕੀਤੀ ਗਈ ਹੈ। ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਨੂੰ ਬੱਚੇ ਦੇ ਤਾਏ ਸਵਰਨ ਸਿੰਘ 'ਤੇ ਸ਼ੱਕ ਸੀ ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਵੱਲੋਂ ਕੀਤੀ ਪੁੱਛਗਿੱਛ ਤੋਂ ਬਾਅਦ ਪੂਰੀ ਵਾਰਦਾਤ ਦਾ ਪਤਾ ਲੱਗਿਆ।
ਮ੍ਰਿਤਕ ਦੀ ਤਾਈ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਉਸ ਦੇ ਮਨ ਵਿੱਚ ਕਿ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਨੇ ਬੱਚੇ ਦੇ ਨਾਲ ਜੋ ਕੰਮ ਕੀਤਾ ਉਹ ਬੇਹੱਦ ਮੰਦਭਾਗਾ ਹੈ ਅਤੇ ਸਾਡਾ ਪੂਰਾ ਟੱਬਰ ਤਬਾਹ ਹੋ ਗਿਆ। ਸਾਰੇ ਹੀ ਇਕੱਠੇ ਰਲ ਮਿਲ ਕੇ ਰਹਿੰਦੇ ਸਨ ਅਤੇ ਉਸ ਦਾ ਪਤੀ ਅਜਿਹਾ ਕਰ ਦੇਵੇਗਾ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਹਿਜ ਨੂੰ ਲੱਭ ਰਹੇ ਸਨ ਉਦੋਂ ਹੀ ਉਸ ਨੇ ਇਹ ਨਹੀਂ ਦੱਸਿਆ ਕਿ ਬੱਚਾ ਉਸ ਦੇ ਨਾਲ ਹੈ। ਸਾਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਅਤੇ ਘਰ ਆਉਣ ਤੋਂ ਬਾਅਦ ਵੀ ਮੇਰੇ ਪਤੀ ਆਮ ਵਾਂਗ ਸਾਡੇ ਨਾਲ ਗੱਲਬਾਤ ਕਰਦੇ ਰਹੇ।
ਇਹ ਵੀ ਪੜ੍ਹੋ: ਲੁਧਿਆਣਾ ਤੋਂ ਲਾਪਤਾ ਹੋਏ ਸਹਿਜ ਦੀ ਸਾਹਨੇਵਾਲ ਨਹਿਰ ਵਿਚੋਂ ਮਿਲੀ ਲਾਸ਼