ਲੁਧਿਆਣਾ: ਇੱਕ ਪਾਸੇ ਜਿਥੇ ਪੰਜਾਬ 'ਚ ਕਰਫ਼ਿਊ ਦੇ ਕਾਰਨ ਪਾਸ ਦੇ ਕੇ ਕਿਸਾਨ ਮੰਡੀਆਂ 'ਚ ਆਪਣੀ ਫਸਲ ਵੇਚਣ ਲਈ ਪਹੁੰਚ ਰਹੇ ਹਨ, ਉੱਥੇ ਹੀ ਹੁਣ ਮੌਸਮ ਦਾ ਮਿਜਾਜ਼ ਵੇਖ ਕੇ ਕਿਸਾਨ ਘਬਰਾਏ ਹੋਏ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜਾ ਹਾਲੇ ਮੀਂਹ ਪਿਆ ਹੈ ਉਸ ਨਾਲ ਫਸਲ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਜੇਕਰ ਆਉਣ ਵਾਲੇ ਦਿਨਾਂ 'ਚ ਮੁੜ ਮੀਂਹ ਪਿਆ ਤਾਂ ਕਾਫ਼ੀ ਨੁਕਸਾਨ ਹੋ ਸਕਦਾ ਹੈ।
ਕਿਸਾਨਾਂ ਨੇ ਮੰਡੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਤੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਉਹ ਖੱਜਲ-ਖੁਆਰ ਹੋ ਰਹੇ ਹਨ।
ਈਟੀਵੀ ਭਾਰਤ ਦੀ ਟੀਮ ਵੱਲੋਂ ਜਦੋਂ ਲੁਧਿਆਣਾ ਦੀ ਮੁਲਾਂਪੁਰ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਕਿਸਾਨਾਂ ਨੇ ਆਪਣਾ ਦਰਦ ਬਿਆਨ ਕੀਤਾ। ਉਨ੍ਹਾਂ ਕਿਹਾ ਕਿ ਬੀਤੇ ਦਿਨ ਪਏ ਮੀਂਹ ਨਾਲ ਫਿਲਹਾਲ ਤਾਂ ਫਸਲ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਜੇਕਰ ਮੁੜ ਤੋਂ ਮੀਂਹ ਪਿਆ ਜਾਂ ਗੜ੍ਹੇਮਾਰੀ ਹੋਈ ਤਾਂ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ ਤੇ ਮੰਡੀਆਂ 'ਚ ਪਈਆਂ ਕਣਕ ਦੀਆਂ ਢੇਰੀਆਂ ਵੀ ਖ਼ਰਾਬ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਮੰਡੀਆਂ 'ਚ ਪਈ ਕਣਕ ਨੂੰ ਹੋ ਸਕਦੈ ਨੁਕਸਾਨ
ਕਿਸਾਨਾਂ ਨੇ ਮੰਡੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਕੋਈ ਬਹੁਤੀ ਸੰਤੁਸ਼ਟੀ ਨਹੀਂ ਜਤਾਈ। ਉਨ੍ਹਾਂ ਕਿਹਾ ਕਿ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਹੈ ਤੇ ਉਨ੍ਹਾਂ ਨੂੰ ਜੋ ਪਾਸ ਜਾਰੀ ਹੋ ਰਹੇ ਹਨ ਉਨ੍ਹਾਂ ਵਿੱਚ ਵੀ ਕਾਫੀ ਊਣਤਾਈਆਂ ਹਨ।