ਲੁਧਿਆਣਾ: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਆੜੇ ਹੱਥੀ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਆਰਐਸਐਸ ਦੀ ਬੀ ਟੀਮ ਹੈ। ਪੀਐੱਮ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਭਾਰਤ ਨੂੰ ਕਾਂਗਰਸ ਮੁਕਤ ਦਾ ਏਜੰਡਾ ਸੀ। ਪਰ ਹੁਣ ਕੇਦਰੀਵਾਲ ਖੁਦ ਰਾਜ ਕਰਨਾ ਚਾਹੁੰਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਸੀਐੱਮ ਭਗਵੰਤ ਮਾਨ ਨੂੰ ਘੇਰਦੇ ਹੋਏ ਕਿਹਾ ਕਿ ਉਹ ਸੀਐੱਮ ਭਗਵੰਤ ਮਾਨ ਦੀ ਇੱਜ਼ਤ ਕਰਦੇ ਹਨ ਪਰ ਜਿਸ ਕਿਸਮ ਦਾ ਤੌਰ ਤਰੀਕਾ ਸੀ ਅਤੇ ਬਾਡੀ ਲੈਗਵੇਂਜ ਸੀ ਉਹ ਹੁਣ ਨਹੀਂ ਰਹੀ ਹੈ। ਉਹ ਹੁਣ ਆਪਣੇ ਸੂਬੇ ਦੇ ਹੱਕਾਂ ਦੇ ਲਈ ਖੜੇ ਹੋਣ ਤੋਂ ਇਨਕਾਰ ਕਰ ਰਹੇ ਹਨ। ਪੀਲੀ ਪੱਗ ਬੰਨ੍ਹ ਕੇ ਸ਼ਹੀਦ ਭਗਤ ਸਿੰਘ ਨੂੰ ਫਾਲੋ ਨਹੀਂ ਕੀਤਾ ਜਾ ਸਕਦਾ ਹੈ।
ਦਿੱਲੀ ਅੱਗੇ ਟੇਕੇ ਸੀਐੱਮ ਮਾਨ ਨੇ ਗੋਡੇ: ਵਿਰੋਧੀ ਧਿਰ ਦੇ ਮੁੱਖ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਿੱਲੀ ਦੀ ਸਰਕਾਰ ਅਤੇ ਪੰਜਾਬ ਦੀ ਸਰਕਾਰ ਦੇ ਵਿਚਕਾਰ ਹੋਏ 18 ਨੁਕਤੀ ਐਗਰੀਮੈਂਟ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਹੁਣ ਭਗਵੰਤ ਮਾਨ ਨੇ ਕੇਜਰੀਵਾਲ ਦੇ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਖ਼ਰਾਬ ਹੋ ਰੱਖੀ ਹੈ ਅਤੇ ਭਗਵੰਤ ਮਾਨ ਆਪਣਾ ਸੂਬਾ ਛੱਡ ਕੇ ਦੋ ਦਿਨ ਤੋਂ ਦਿੱਲੀ ਵਿੱਚ ਦੌਰੇ ਕਰ ਰਹੇ ਹਨ, ਉਥੋਂ ਦੇ ਸਕੂਲ ਕਾਲਜ ਦੇਖ ਰਹੇ ਹਨ।
'ਪੰਜਾਬ ਦਾ ਪੈਸਾ ਬਾਹਰ ਜਾ ਰਿਹਾ': ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੀਲੀ ਪੱਗ ਬੰਨ੍ਹਣ ਨਾਲ ਕੋਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗਾ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ। ਇਸ ਦੀ ਦੁਰਵਰਤੋਂ ਦਿੱਲੀ ਸਰਕਾਰ ਕਰੇਗੀ ਜਦਕਿ ਪੰਜਾਬ ਪਹਿਲਾਂ ਹੀ ਵੱਡੀ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਇਸ ਗੱਲ ਦਾ ਵੀ ਜਵਾਬ ਦੇਣ ਕਿ ਉਹ ਪੰਜਾਬ ਦੇ ਲੋਕਾਂ ਨੂੰ ਆਉਂਦੇ ਦਿਨਾਂ ਚ 24 ਹਰ ਘੰਟੇ ਬਿਜਲੀ ਕਿਵੇਂ ਮੁਹੱਈਆ ਕਰਵਾਉਣਗੇ ਜਦਕਿ ਹੁਣ ਤੋਂ ਹੀ ਪਾਵਰਕਾਮ ਨੂੰ ਬਾਹਰੋ ਬਿਜਲੀ ਖਰੀਦਣੀ ਪੈ ਰਹੀ ਹੈ।
ਜਾਖੜ ਅਤੇ ਸਿੱਧੂ ਮਸਲੇ ’ਤੇ ਚੁੱਪ ਰਹੇ ਬਾਜਵਾ: ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੂੰ ਜਦੋਂ ਸੁਨੀਲ ਜਾਖੜ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਤੇ ਕੁਝ ਵੀ ਨਹੀਂ ਬੋਲਣਗੇ ਉਹ ਸਿਰਫ ਅੱਜ ਆਮ ਆਦਮੀ ਪਾਰਟੀ ਦੀ ਪੋਲ ਖੋਲ੍ਹਣ ਆਏ ਹਨ। ਉੱਥੇ ਹੀ ਉਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਦੇ ਵੀ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਕੇਜਰੀਵਾਲ ਅਤੇ ਭਗਵੰਤ ਮਾਨ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੇ: ਉੱਥੇ ਹੀ ਇਸ ਵਾਰ ਕਣਕ ਦਾ ਝਾੜ ਘੱਟ ਨਿਕਲਣ ਦੇ ਮਾਮਲੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਸਾਨਾਂ ਨੂੰ ਪ੍ਰਤੀ ਕੁਇੰਟਲ 500 ਰੁਪਏ ਤੱਕ ਦਾ ਬੋਨਸ ਦੇਣਾ ਚਾਹੀਦਾ ਹੈ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਖ਼ੁਦਕੁਸ਼ੀ ਨਹੀਂ ਕਰੇਗਾ ਅਤੇ ਜੇਕਰ ਕੋਈ ਕਰੇਗਾ ਤਾਂ ਉਸ ਦੀ ਜ਼ਿੰਮੇਵਾਰੀ ਲੈਣਗੇ, ਇੱਕ ਕਰੋੜ ਰੁਪਿਆ ਮੁਆਵਜ਼ਾ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਉਹ ਵਾਅਦੇ ਹੁਣ ਕਿੱਥੇ ਹਨ ਕਿਉਂ ਕੇਜਰੀਵਾਲ ਅਤੇ ਭਗਵੰਤ ਮਾਨ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਨ।
'ਆਮ ਆਦਮੀ ਪਾਰਟੀ ਆਰਐਸਐਸ ਦੀ ਬੀ ਟੀਮ': ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਰਐੱਸਐੱਸ ਦੀ ਬੀ ਟੀਮ ਹੈ, ਜਿਵੇਂ ਨਰਿੰਦਰ ਮੋਦੀ ਨੇ ਗੁਜਰਾਤ ਮਾਡਲ ਵਿਖਾ ਕੇ ਪੂਰੇ ਦੇਸ਼ ਦੇ ਵਿਚ ਸਰਕਾਰ ਬਣਾਈ, ਉਸੇ ਤਰ੍ਹਾਂ ਕੇਜਰੀਵਾਲ ਵੀ ਦਿੱਲੀ ਮਾਡਲ ਵਿਖਾ ਕੇ ਪੂਰੇ ਦੇਸ਼ ਚ ਸਰਕਾਰ ਬਣਾਉਣ ਦੀ ਕੋਸ਼ਿਸ਼ਾਂ ਕਰ ਰਹੇ ਹਨ।
'ਭਗਵੰਤ ਮਾਨ ਨੂੰ ਦੇਣਾ ਚਾਹੀਦਾ ਹੈ ਅਸਤੀਫਾ': ਉਨ੍ਹਾਂ ਸਾਫ਼ ਕਿਹਾ ਕਿ ਇਨ੍ਹਾਂ ਦੀ ਮਨਸ਼ਾ ਸਿਰਫ਼ ਭਾਰਤ ਨੂੰ ਕਾਂਗਰਸ ਮੁਕਤ ਕਰਨਾ ਹੈ, ਬਾਜਵਾ ਨੇ ਕਿਹਾ ਕਿ ਜੋ ਐਗਰੀਮੈਂਟ ਹੋਏ ਨੇ ਉਹ ਪੰਜਾਬ ਦੇ ਹੱਕਾਂ ਲਈ ਖ਼ਤਰਨਾਕ ਹਨ ਅੱਗੇ ਜਾ ਕੇ ਪਾਣੀਆਂ ਦੇ ਹੱਕਾਂ ਲਈ ਵੀ ਸਾਨੂੰ ਲੜਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਜੇਕਰ ਉਹ ਪੰਜਾਬ ਦੇ ਹੱਕਾਂ ਲਈ ਨਹੀਂ ਲੜ ਸਕਦੇ।
ਇਹ ਵੀ ਪੜੋ: ਨਵਜੋਤ ਸਿੱਧੂ ਦਾ CM ਮਾਨ ਦੀ ਦਿੱਲੀ ਫੇਰੀ ’ਤੇ ਤੰਜ਼, ਕਿਹਾ- ਦਿੱਲੀ ਫੇਰੀ ਮਹਿਜ਼ ਪ੍ਰਚਾਰ