ਲੁਧਿਆਣਾ: ਮਾਪੇ ਬੜੀ ਆਸਾਂ ਦੇ ਨਾਲ ਬੱਚਿਆਂ ਨੂੰ ਵੱਡਾ ਕਰਦੇ ਹਨ ਤਾਂ ਜੋ ਔਖੇ ਵੇਲੇ ਉਹ ਉਨ੍ਹਾਂ ਨਾਲ ਢਾਲ ਬਣ ਕੇ ਖੜ੍ਹੇ ਹੋਣ ਪਰ ਕਲਯੁਗ ਦੇ ਬੱਚੇ ਮੋਹ ਦਾ ਰਿਸ਼ਤਾ ਭੁੱਲ ਨਿਰਮੋਹੇ ਹੁੰਦੇ ਜਾ ਰਹੇ ਹਨ। ਅਜਿਹਾ ਹੀ ਕੁੱਝ ਦੇਖਣ ਨੂੰ ਮਿਲ ਰਿਹਾ ਹੈ ਸਥਾਨਕ ਸ਼ਹਿਰ 'ਚ ਜਿਸ 'ਚ ਮੁੰਡੇ ਨੇ ਆਪਣੀ ਮਾਂ ਨੂੰ ਘਰੋਂ ਕੱਢ ਦਿੱਤਾ ਤੇ ਉਹ ਮਜ਼ਬੂਰ ਹੋ ਗਏ ਦਰ ਦਰ ਦੀਆਂ ਠੋਕਰਾਂ ਖਾਣ ਲਈ।
ਰਿਸ਼ਤੇਦਾਰਾਂ ਨੇ ਦਿੱਤੀ ਪਨਾਹ
ਬਜ਼ੁਰਗ ਮਹਿਲਾ ਦੇ ਰਿਸ਼ਤੇਦਾਰ ਹੀ ਉਨ੍ਹਾਂ ਦੀ ਦੇਖ ਰੇਖ ਤੇ ਸਾਂਭ ਸੰਭਾਲ ਕਰ ਰਹੇ ਹਨ। ਬੀਤੇ ਇੱਕ ਸਾਲ ਤੋਂ ਉਹ ਉਨ੍ਹਾਂ ਦੇ ਨਾਲ ਹੀ ਰਹਿ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਨੂੰ ਇੱਕ ਸਾਲ 'ਚ 2 ਵਾਰ ਅਧਰੰਗ ਦਾ ਦੌਰਾ ਪੈ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਹੀ ਤਰੀਕੇ ਨਾਲ ਬੋਲਣ 'ਚ ਵੀ ਅਸਮਰਥ ਹਨ ਤੇ ਚੱਲਣ ਫਿਰਣ 'ਚ ਵੀ ਇਨ੍ਹਾਂ ਨੂੰ ਦਿੱਕਤ ਹੈ।
ਪੁਲਿਸ ਨੇ ਅਰਜ਼ੀ ਕੀਤੀ ਅਣਗੌਲਿਆਂ
ਰਿਸ਼ਤੇਸਾਰ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨਾਲ ਬੀਤੇ ਇੱਕ ਸਾਲ ਤੋਂ ਰਹਿ ਰਹੇ ਹਨ। ਅਧਰੰਗ ਦੇ ਦੋ ਦੌਰੇ ਪੈਣ ਤੋਂ ਬਾਅਦ ਉਹ ਸਹੀ ਤਰੀਕੇ ਨਾਲ ਬੋਲਣ ਤੇ ਚੱਲਣ 'ਚ ਅਸਮਰਥ ਹਨ। ਉਨ੍ਹਾਂ ਨੇ ਕਿਹਾ ਕਿ ਕੱਲ ਨੂੰ ਖ਼ੁਦਾ ਨਾ ਖ਼ਾਸਤਾ ਇਨ੍ਹਾਂ ਨੂੰ ਕੁੱਝ ਹੋ ਜਾਵੇ ਤਾਂ ਇਨ੍ਹਾਂ ਦੇ ਪਰਿਵਾਰਿਕ ਮੈਂਬਰ ਉਨ੍ਹਾਂ ਨੂੰ ਤੰਗ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਬਾਬਤ ਅਸੀਂ ਕਈ ਸ਼ਿਕਾਇਤਾਂ ਕਰਵਾ ਚੁੱਕੇ ਹਾਂ ਪਰ ਅੱਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਬਜ਼ੁਰਗ ਮਹਿਲਾ ਆਪਣੇ ਪਰਿਵਾਰ ਦੇ ਕੋਲ ਜਾ ਕੇ ਰਹਿਣ।
ਬੋਲਿਆ ਨਹੀਂ ਜਾਂਦਾ ਪਰ ਨਮ ਅੱਖਾਂ ਦੇ ਨਾਲ ਕੀਤੀ ਇਨਸਾਫ਼ ਦੀ ਮੰਗ
ਬੋਲਣ 'ਚ ਅਸਮਰਥ ਬੇਬੇ ਨੇ ਨਮ ਅੱਖਾਂ ਦੇ ਨਾਲ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਘਰ 'ਚੋਂ ਕੱਢ ਦਿੱਤਾ ਗਿਆ। ਉਹ ਅੱਜ ਵੀ ਆਪਣੇ ਪਰਿਵਾਰ ਨਾਲ ਰਹਿਣਾ ਚਾਹੁੰਦੇ ਹਨ ਤੇ ਆਪਣੀ ਲੜਖੜਾਉਂਦੀ ਜ਼ੁਬਾਨ ਨਾਲ ਇਨਸਾਫ਼ ਦੀ ਮੰਗ ਕਰ ਰਹੇ ਹਨ।
ਉਹ ਸਹੀ ਕਹਿੰਦੇ ਹਨ ਕਿ ਪੁੱਤ ਕਪੁੱਤ ਹੋ ਜਾਂਦੇ ਹਨ ਪਰ ਮਾਪੇ ਪੁਮਾਪੇ ਨਹੀਂ ਹੁੰਦੇ।