ਲੁਧਿਆਣਾ: ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਬੇਟੇ ਈਮਾਨ ਵਲੋਂ ਲਗਾਤਾਰ ਸ਼ਹੀਦ ਭਗਤ ਸਿੰਘ ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਨੂੰ ਲੈਕੇ ਹੁਣ ਸਮਾਜ ਸੇਵੀਆਂ ਅਤੇ ਦੇਸ਼ ਪ੍ਰੇਮੀਆਂ ਵਲੋਂ ਮੋਰਚਾ ਖੋਲ ਦਿੱਤਾ ਹੈ, ਇਸੇ ਮਾਮਲੇ ਨੂੰ ਲੈਕੇ ਦੇਸ਼ ਦੀ ਧੀ ਸਮਾਜ ਸੇਵੀ ਜਾਨਵੀ ਬਹਿਲ ਵੱਲੋਂ ਵੀ ਐਮਪੀ ਮਾਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਦੱਸ ਦਈਏ ਕਿ ਜਾਨਵੀ ਬਹਿਲ ਵੱਲੋਂ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨੂੰ ਲਿਖਤੀ ਸ਼ਿਕਾਇਤ ਭੇਜੀ ਸੀ ਜਿਸ ਨੂੰ ਲੈਕੇ ਏਡੀਜੀਪੀ ਤੇ ਸੀਐਮਓ ਦਫਤਰ ਤੋਂ ਰੀਪਲਾਈ ਵੀ ਆ ਗਿਆ ਹੈ ਤੇ ਸ਼ਿਕਾਇਤ ਤੇ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਇਸ ਸਬੰਧੀ ਜਾਨਵੀ ਬਹਿਲ ਨੇ ਕਿਹਾ ਕਿ ਜਾਂ ਤਾਂ ਸਿਮਰਨਜੀਤ ਸਿੰਘ ਮਾਨ ਮੁਆਫੀ ਮੰਗੇ ਨਹੀਂ ਤਾਂ ਕਾਰਵਾਈ ਲਈ ਤਿਆਰ ਰਹੇ।
ਸਾਡੇ ਪੱਤਰਕਾਰ ਨਾਲ ਗੱਲ ਕਰਦੇ ਹੋਏ ਜਾਨਵੀਂ ਬਹਿਲ ਨੇ ਕਿਹਾ ਕਿ ਸਾਡੇ ਦੇਸ਼ ਦੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰ ਕੇ ਹੀ ਸਾਡੇ ਦੇਸ਼ ਨੂੰ ਅਜ਼ਾਦ ਕਰਵਾਇਆ ਹੈ ਉਨ੍ਹਾਂ ਕਿਹਾ ਕਿ ਅਜੇਹੀ ਸ਼ਬਦ ਸ਼ਹੀਦਾਂ ਲਈ ਵਰਤਣੇ ਸਹੀ ਨਹੀਂ ਹੈ, ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮੰਨਾ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਜਦੋਂ ਉਹ ਅਜਿਹੀ ਬਿਆਨਬਾਜ਼ੀ ਕਰਦੇ ਹਨ ਤਾਂ ਇਸ ਦਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਮਹਾਨ ਸ਼ਹੀਦਾਂ ਨੇ ਕਿੰਨੀਆਂ ਕੁਰਬਾਨੀਆਂ ਕਰਕੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ ਇਹ ਕਿਵੇਂ ਜਾਨ ਸਕਣਗੀਆਂ।
ਜਾਨਵੀ ਬਹਿਲ ਨੇ ਇਹ ਵੀ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਸ਼ਹੀਦਾਂ ਦੇ ਕਰਕੇ ਹੀ ਅੱਜ ਅਸੀਂ ਖੁੱਲੀ ਹਵਾ ਚ ਸਾਹ ਲੈਣ ਦੇ ਕਾਬਲ ਹੋਏ ਹਾਂ ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦਾ ਸਨਮਾਨ ਕਰਨਾ ਸਾਰਿਆਂ ਦਾ ਫਰਜ਼ ਹੈ ਪਰ ਉਨ੍ਹਾਂ ਲਈ ਅੱਤਵਾਦੀ ਵਰਗਾ ਸ਼ਬਦ ਵਰਤਣਾ ਬੇਹੱਦ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਹਟਾਉਣ ਦੀ ਗੱਲ ਕਰ ਰਹੇ ਹਾਂ ਪਰ ਜੋ ਤਸਵੀਰ ਨੌਜਵਾਨਾਂ ਦੇ ਦਿਲ ਵਿੱਚ ਉਨ੍ਹਾਂ ਲਈ ਬਣੀ ਹੋਈ ਹੈ ਉਸ ਨੂੰ ਕਿਵੇਂ ਹਟਾ ਸਕਣਗੇ ਇਹ ਇਕ ਵੱਡਾ ਸਵਾਲ ਹੈ।
ਇਹ ਵੀ ਪੜੋ: ਸੀਐੱਮ ਮਾਨ ਦੀ ਇੰਜ਼ਰਾਈਲੀ ਕੰਪਨੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ, ਕੀਤਾ ਇਹ ਵੱਡਾ ਦਾਅਵਾ