ਲੁਧਿਆਣਾ: ਪੂਰੇ ਅਗਸਤ ਮਹੀਨੇ ਵਿੱਚ ਪੰਜਾਬ ਅੰਦਰ ਖ਼ਾਸ ਕਰਕੇ ਮਾਲਵੇ ਇਲਾਕੇ ਵਿੱਚ ਘੱਟ ਮੀਂਹ ਪੈਣ ਨਾਲ ਮਾਨਸੂਨ ਕਾਫ਼ੀ ਕਮਜ਼ੋਰ ਰਿਹਾ, ਪਰ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਸਵੇਰ ਤੋਂ ਬੱਦਲਵਾਈ ਤੋਂ ਬਾਅਦ ਇੱਥੇ ਮੀਂਹ ਪੈਣਾ ਸ਼ੁਰੂ ਹੋ ਗਿਆ। ਮੌਸਮ ਵਿਭਾਗ ਨੇ ਕਿਹਾ ਹੈ, ਕਿ ਆਉਣ ਵਾਲੇ ਇੱਕ-ਦੋ ਦਿਨਾਂ ਤੱਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਉੱਧਰ ਇਸ ਮੀਂਹ ਪੈਣ ਨਾਲ ਲੰਮੇ ਸਮੇਂ ਤੋਂ ਪੈ ਰਹੀ ਗਰਮੀ ਤੋਂ ਵੀ ਲੋਕਾਂ ਨੂੰ ਕੁਝ ਨਿਜਾਤ ਮਿਲੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ, ਕਿ ਹੁਣ ਮੀਂਹ ਪੈਣ ਨਾਲ ਫਸਲਾਂ ਦੇ ਝਾੜ ਵਿੱਚ ਕਾਫ਼ੀ ਵਾਧਾ ਹੋਵੇਗਾ।
ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, ਕਿ ਅਗਸਤ ਮਹੀਨੇ ਵਿੱਚ ਮੌਨਸੂਨ ਕਾਫ਼ੀ ਕਮਜ਼ੋਰ ਹੈ, ਜਦੋਂ ਕਿ ਜੁਲਾਈ ਮਹੀਨੇ ਦੀ ਗੱਲ ਕੀਤੀ ਜਾਵੇ, ਤਾਂ ਮੀਂਹ ਆਮ ਰਹੇ ਹੈ।
ਉਨ੍ਹਾਂ ਕਿਹਾ,,ਕਿ ਆਉਣ ਵਾਲੇ ਇੱਕ-ਦੋ ਦਿਨਾਂ ਤੱਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, ਕਿ ਇਸ ਵਾਰ ਮੌਨਸੂਨ ਦੇ ਵਿੱਚ ਕਾਫ਼ੀ ਉਤਰਾਅ ਚੜਾਅ ਵੇਖਣ ਨੂੰ ਮਿਲੇ ਹਨ। ਉਨ੍ਹਾਂ ਕਿਹਾ, ਕਿ ਤੇਜ਼ ਹਨੇਰੀ ਫ਼ਸਲਾਂ ਲਈ ਚੰਗੀ ਨਹੀਂ ਹੈ, ਪਰ ਹਲਕੀ-ਹਲਕੀ ਬੂੂੰਦਾ-ਬਾਦੀ ਫ਼ਸਲਾਂ ਲਈ ਲਾਭਦਾਇਕ ਸਾਬਿਤ ਹੋਵੇਗੀ।
ਦੂਜੇ ਪਾਸੇ ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ ਵੀ ਖਿਲਰੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ, ਕਿ ਮੀਂਹ ਫਸਲਾਂ ਲਈ ਸਹੀ ਸਾਬਿਤ ਹੋ ਰਿਹਾ ਹੈ।