ਲੁਧਿਆਣਾ: ਦੇਸ਼ ਭਰ 'ਚ ਦੇਸੀ ਗਊਆਂ ਦੀ ਸਾਂਭ ਸੰਭਾਲ ਤੇ ਉਨ੍ਹਾਂ ਦੀ ਸੁਰੱਖਿਆ ਲਈ ਰਾਸ਼ਟਰੀ ਕਾਮਧੇਨੂੰ ਕਮਿਸ਼ਨ ਡਾ. ਵੱਲਭ ਭਾਈ ਕਥੀਰੀਆ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਗਊਆਂ ਨੂੰ ਸੁਰੱਖਿਤ ਰੱਖਣ ਸਬੰਧੀ ਡਾ. ਵੱਲਭ ਭਾਈ ਪੂਰੇ ਦੇਸ਼ 'ਚ ਜਾਗਰੂਕਤਾ ਫੈਲਾਉਣ ਲਈ ਲਗਾਤਾਰ ਵੱਖ-ਵੱਖ ਸੂਬਿਆਂ ਦਾ ਦੌਰਾ ਕਰ ਰਹੇ ਹਨ। ਇਸ ਤਹਿਤ ਉਹ ਲੁਧਿਆਣਾ ਪੁਜੇ, ਜਿੱਥੇ ਉਨ੍ਹਾਂ ਨੇ ਸ਼ਹਿਰ ਦੇ ਗੁਰੂ ਅੰਗਦ ਦੇਵ ਵੈਨਟਰੀ ਯੂਨੀਵਰਸਿਟੀ ਦੇ ਡਾਕਟਰਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।
ਉਨ੍ਹਾਂ ਦੱਸਿਆ ਕਿ ਦੇਸੀ ਗਊਆਂ ਦੀ ਸੁਰੱਖਿਆ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਦੀ ਸਰਕਾਰ ਵੱਲੋਂ " ਰਾਸ਼ਟਰੀ ਕਾਮਧੇਨੂੰ ਕਮਿਸ਼ਨ " ਦਾ ਗਠਨ ਕੀਤਾ ਗਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਤਾਂ ਜੋ ਸਾਡੇ ਦੇਸ਼ 'ਚ ਲੋਕ ਮੁੜ ਦੇਸੀ ਗਊਆਂ ਦੀ ਸਾਂਭ ਸੰਭਾਲ ਕਰਨ ਤੇ ਦੁੱਧ ਦੀ ਵਰਤੋਂ ਕਰ ਸਕਣ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼ 'ਚ ਵਿਦੇਸ਼ੀ ਗਊਆਂ ਨੂੰ ਅਪਣਾਉਣ ਮਗਰੋਂ ਦੇਸੀ ਗਊਆਂ ਨੂੰ ਪੂਰੀ ਤਰ੍ਹਾਂ ਅਣਦੇਖਾ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਲਈ ਦੇਸ਼ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਗਊਸ਼ਾਲਾਵਾਂ ਨੂੰ ਟੂਰਿਜ਼ਮ ਦੇ ਤੌਰ ਤੇ ਪ੍ਰਫੁੱਲਿਤ ਕੀਤਾ ਜਾਵੇਗਾ।
ਡਾਕਟਰ ਵੱਲਭ ਭਾਈ ਨੇ ਕਿਹਾ ਕਿ ਸਾਡੀ ਦੇਸੀ ਗਾਂ ਦਾ ਸਿਰਫ਼ ਦੁੱਧ ਹੀ ਨਹੀਂ ਸਗੋਂ ਉਸ ਦਾ ਮੂਤਰ ਅਤੇ ਗੋਬਰ ਵੀ ਕਾਫੀ ਲਾਹੇਵੰਦ ਹੈ, ਤੇ ਜੇ ਕੋਈ ਗਾਂ ਦੁੱਧ ਦੇਣੋਂ ਵੀ ਹੱਟ ਜਾਂਦੀ ਹੈ। ਉਸ ਦੇ ਮੂਤਰ ਅਤੇ ਗੋਬਰ ਦੇ ਨਾਲ ਵੱਖ-ਵੱਖ ਬਾਇਓ ਪਲਾਂਟ ਲਾ ਕੇ ਉਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਵਿਦਿਆਰਥੀਆਂ ਨੂੰ ਕਿਤਾਬਾਂ 'ਚ ਦੇਸੀ ਗਊਆਂ ਸਬੰਧੀ ਪੜ੍ਹਾਇਆ ਜਾਵੇਗਾ ਤਾਂ ਜੋ ਉਹ ਵੀ ਭਵਿੱਖ 'ਚ ਗਊਆਂ ਨੂੰ ਸਤਿਕਾਰ ਦੇ ਸਕਣ।