ਲੁਧਿਆਣਾ : ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਸ਼ਹਿਰ ਦੇ ਡਰਾਈਵਿੰਗ ਟੈਸਟ ਸੈਂਟਰ ਦੇ ਟਰੈਕ 'ਤੇ ਪਾਣੀ ਭਰ ਜਾਣ ਕਾਰਨ ਡਰਾਈਵਿੰਗ ਟੈਸਟ ਬੰਦ ਕਰ ਦਿੱਤੇ ਗਏ ਹਨ।
ਇਸ ਦੌਰਾਨ ਲਾਈਸੈਂਸ ਲੈਣ ਲਈ ਡਰਾਈਵਿੰਗ ਟੈਸਟ ਦੇਣ ਆਏ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਡਰਾਈਵਿੰਗ ਟੈਸਟ ਦੇ ਟਰੈਕ ਉੱਤੇ ਪਾਣੀ ਭਰੇ ਹੋਣ ਕਾਰਨ ਕੈਮਰੇ ਅਤੇ ਸੈਂਸਰ ਖ਼ਰਾਬ ਹੋ ਗਏ ਹਨ। ਇਸ ਕਾਰਨ ਦੋ ਪਹੀਆ ਵਾਹਨਾਂ ਦੇ ਡਰਾਈਵਿੰਗ ਟੈਸਟ ਬੰਦ ਕਰ ਦਿੱਤੇ ਗਏ ਹਨ।
ਇਥੇ ਆਏ ਲੋਕਾਂ ਨੇ ਆਪਣੀ ਪਰੇਸ਼ਾਨੀ ਸਾਂਝੀ ਕਰਦੇ ਹੋਏ ਈਟੀਵੀ ਭਾਰਤ ਨੂੰ ਦੱਸਿਆ ਕਿ ਏਜੰਟਾਂ ਦੇ ਰਾਹੀਂ ਡਰਾਈਵਿੰਗ ਟੈਸਟ ਦੇ ਕੰਮ ਹੋ ਰਹੇ ਹਨ। ਜਦ ਕਿ ਆਮ ਲੋਕਾਂ ਨੂੰ ਸੈਂਟਰ ਦੇ ਅਧਿਕਾਰੀਆਂ ਵੱਲੋਂ ਟਰੈਕ ਦੇ ਕੈਮਰੇ ਅਤੇ ਸੈਂਸਰ ਖ਼ਰਾਬ ਹੋਣ ਦੀ ਗੱਲ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਬਹੁਤ ਲੰਬੀ ਦੂਰੀ ਤੈਅ ਕਰਕੇ ਇਥੇ ਡਰਾਈਵਿੰਗ ਟੈਸਟ ਦੇਣ ਲਈ ਆਉਂਦੇ ਹਨ ਪਰ ਇਥੇ ਆ ਕੇ ਉਨ੍ਹਾਂ ਨੂੰ ਖ਼ੱਜਲ -ਖੁਆਰ ਹੋਣਾ ਪੈਂਦਾ ਹੈ।
ਇਸ ਬਾਰੇ ਡਰਾਈਵਿੰਗ ਟੈਸਟ ਸੈਂਟਰ ਦੇ ਮੁੱਖ ਕਲਰਕ ਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦੋ ਦਿਨ ਤੋਂ ਟੈਸਟ ਬੰਦ ਕੀਤਾ ਗਿਆ ਹੈ। ਮੀਂਹ ਦੇ ਕਾਰਨ ਡਰਾਈਵਿੰਗ ਟਰੈਕ 'ਚ ਪਾਣੀ ਭਰਨ ਕਰਕੇ ਇਹ ਮੁਸ਼ਕਲ ਆ ਰਹੀ ਹੈ। ਉਨ੍ਹਾਂ ਜਲਦ ਹੀ ਇਸ ਮੁਸ਼ਕਲ ਨੂੰ ਹੱਲ ਕੀਤੇ ਜਾਣ ਅਤੇ ਮੁੜ ਡਰਾਈਵਿੰਗ ਟੈਸਟ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ।