ਲੁਧਿਆਣਾ: ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਰਫਿਊ ਲਗਾਇਆ ਗਿਆ ਹੈ। ਕਰਫਿਊ ਦੇ ਦੌਰਾਨ ਨੂਰਵਾਲਾ ਰੋਡ 'ਤੇ ਦੋ ਧਿਰਾਂ ਵਿਚਾਲੇ ਸਸਤੇ ਰਾਸ਼ਨ ਫਾਰਮ ਦੀ ਖ਼ਰੀਦ-ਫਰੋਖਤ ਨੂੰ ਲੈ ਕੇ ਝਗੜਾ ਹੋਣ ਦੀ ਖ਼ਬਰ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਕਰਫਿਊ ਦੇ ਚਲਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਸਤੇ ਰਾਸ਼ਨ ਲਈ ਫਾਰਮ ਭੇਜੇ ਗਏ ਸਨ। ਉਕਤ ਦੁਕਾਨਦਾਰ ਨੇ ਸਰਕਾਰੀ ਰਾਸ਼ਨ ਫਾਰਮ ਲਈ ਲੋਕਾਂ ਕੋਲੋਂ 20-20 ਰੁਪਏ ਵਸੂਲਣੇ ਸ਼ੁਰੂ ਕਰ ਦਿੱਤੇ। ਇਲਾਕਾ ਵਾਸੀਆਂ ਵੱਲੋਂ ਇਸ ਦਾ ਵਿਰੋਧ ਕਰਨ 'ਤੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਹ ਝਗੜਾ ਇੰਨਾ ਕੁ ਵੱਧ ਗਿਆ ਕਿ ਦੋਹਾਂ ਧਿਰਾਂ ਵਿਚਾਲੇ ਹੱਥੋਪਾਈ ਸ਼ੁਰੂ ਹੋ ਗਈ। ਕੁੱਝ ਲੋਕਾਂ ਵੱਲੋਂ ਇਸ ਦੇ ਸੂਚਨਾ ਪੁਲਿਸ ਨੂੰ ਦਿੱਤੀ, ਮੌਕੇ 'ਤੇ ਜੋਧੇਵਾਲ ਪੁਲਿਸ ਨੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ।
ਕੁੱਝ ਲੋਕਾਂ ਨੇ ਕਿਹਾ ਦੁਕਾਨਦਾਰ ਅਤੇ ਵਿਰੋਧੀ ਧਿਰ ਵਿਚਾਲੇ ਪੁਰਾਣੀ ਰੰਜਿਸ਼ ਹੈ ਜਿਸ ਕਾਰਨ ਇਹ ਝਗੜਾ ਹੋਇਆ। ਇਸ ਬਾਰੇ ਇਲਾਕੇ ਦੇ ਕੌਂਸਲਰ ਵਿਪਨ ਵਿਨਾਇਕ ਨੇ ਦੱਸਿਆ ਕਿ ਸਸਤੇ ਰਾਸ਼ਨ ਲਈ ਪ੍ਰਸ਼ਾਸਨ ਵੱਲੋਂ ਫਾਰਮ ਭੇਜੇ ਗਏ ਹਨ, ਪਰ ਕੁੱਝ ਦੁਕਾਨਦਾਰ ਉਹ ਫਾਰਮ ਵੇਚਣ ਦੇ ਨਾਂਅ 'ਤੇ ਲੋਕਾਂ ਕੋਲੋਂ ਪੈਸੇ ਵਸੂਲ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕਈ ਦੁਕਾਨਦਾਰ ਮੁਨਾਫੇ ਲਈ ਸਸਤਾ ਸਾਮਾਨ ਮਹਿੰਗੇ ਦਾਮਾਂ ਉੱਤੇ ਵੀ ਵੇਚ ਰਹੇ ਹਨ, ਉਨ੍ਹਾਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।
ਹੋਰ ਪੜ੍ਹੋ :ਬਰਨਾਲਾ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਸੈਂਪਲ ਲੈਣ ਉਪਰੰਤ ਹੋਈ ਮੌਤ
ਇਸ ਬਾਰੇ ਮੌਕੇ 'ਤੇ ਪਹੁੰਚੀ ਥਾਣਾ ਜੋਧੇਵਾਲ ਦੀ ਇੰਚਾਰਜ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਇਲਾਕੇ ਵਿੱਚ ਕਈ ਦੁਕਾਨਦਾਰਾਂ ਵੱਲੋਂ ਮਹਿੰਗੀਆਂ ਕੀਮਤਾਂ 'ਤੇ ਰਾਸ਼ਨ ਵੇਚਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਦੌਰਾਨ ਪੁਲਿਸ ਵੱਲੋਂ ਕਈ ਦੁਕਾਨਾਂ ਨੂੰ ਬੰਦ ਵੀ ਕਰਵਾਇਆ ਗਿਆ ਹੈ। ਝਗੜੇ ਦੇ ਮਾਮਲੇ ਉੱਤੇ ਪੁਲਿਸ ਵੱਲੋਂ ਦੋਹਾਂ ਧਿਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਸੀਸੀਟੀਵੀ ਫੁੱਟੇਜ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ।