ਲੁਧਿਆਣਾ: ਪੂਰੇ ਵਿਸ਼ਵ ਭਰ 'ਚ ਲਗਾਤਾਰ ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਹਾਹਾਕਾਰ ਮਚੀ ਹੋਈ ਹੈ ਉੱਥੇ ਹੀ ਪੰਜਾਬ ਬਾਇਲਰਜ਼ ਐਸੋਸੀਏਸ਼ਨ ਵੱਲੋਂ ਲੁਧਿਆਣਾ ਵਿੱਚ ਮੁਫ਼ਤ ਚਿਕਨ ਦਾ ਮੇਲਾ ਲਗਾਇਆ ਗਿਆ। ਇਸ ਦੌਰਾਨ ਲੋਕਾਂ ਨੇ ਕਤਾਰਾਂ 'ਚ ਲੱਗ ਕੇ ਬਿਨਾਂ ਕਿਸੇ ਡਰ ਤੋਂ ਚਿਕਨ ਖਾਧਾ। ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਸਿਰਫ਼ ਮਾਰਕੀਟ ਖ਼ਰਾਬ ਕਰਨ ਲਈ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਪੰਜਾਬ ਬਰੈਲਰ ਦੇ ਪ੍ਰਮੁੱਖ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਦਾ ਕਹਿਰ ਪੂਰੀ ਤਰ੍ਹਾਂ ਫੈਲ ਚੁੱਕਾ ਹੈ। ਇਸ ਵਾਇਰਸ ਦੇ ਵਿਰੁੱਧ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਲੋਕਾਂ ਨੂੰ ਜਾਗਰੁਕ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਵੀ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵੀ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਨਾਨ ਵੈੱਜ ਕਰਕੇ ਵਾਇਰਸ ਫੈਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਹਿਰ ਅਤੇ ਡਾਕਟਰ ਇਹ ਐਡਵਾਈਜ਼ਰੀ ਜਾਰੀ ਕਰ ਚੁੱਕੇ ਹਨ ਕਿ ਨਾਨ ਵੈੱਜ ਨਾਲ ਵਾਇਰਸ ਨਹੀਂ ਫੈਲ ਰਿਹਾ। ਇਸੇ ਕਰਕੇ ਉਨ੍ਹਾਂ ਵੱਲੋਂ ਅੱਜ ਮੁਫ਼ਤ ਚਿਕਨ ਦਾ ਮੇਲਾ ਲਾਇਆ ਗਿਆ ਅਤੇ ਲੋਕ ਵੱਡੀ ਤਾਦਾਦ 'ਚ ਆ ਕੇ ਚਿਕਨ ਖਾ ਰਹੇ ਹਨ।