ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਆਪਣੇ ਬੀਤੇ ਕਾਰਜਕਾਲ ਦੌਰਾਨ ਹੀ 'ਮੇਕ ਇਨ ਇੰਡੀਆ' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦੌਰਾਨ ਭਾਰਤ ਦੇ ਸਰਹੱਦੀ ਮੁਲਕਾਂ ਨਾਲ ਸਬੰਧ ਵੀ ਲਗਾਤਾਰ ਤਲਖੀ ਭਰੇ ਰਹੇ ਹਨ, ਜਿਸ ਕਰਕੇ ਭਾਰਤ ਵੱਲੋਂ ਚਾਈਨਾ ਦੇ ਸਮਾਨ ਦਾ ਬਾਈਕਾਟ ਕੀਤਾ ਗਿਆ। ਬੀਤੇ ਦਿਨੀਂ ਭਾਰਤ ਨੇ ਚਾਈਨੀਜ਼ ਐਪ ਵੀ ਬੰਦ ਕਰ ਦਿੱਤੀਆਂ ਸਨ।
ਲੁਧਿਆਣਾ ਦੇ ਵਪਾਰੀਆਂ ਨੇ ਦੱਸਿਆ ਹੈ ਕਿ ਚਾਈਨਾ ਦੇ ਸਮਾਨ ਨੂੰ ਮਾਤ ਦੇਣਾ ਨਾਮੁਮਕਿਨ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਰੇਟ 'ਤੇ ਉਨ੍ਹਾਂ ਨੂੰ ਚਾਈਨਾ ਦਾ ਸਮਾਨ ਮਿਲਦਾ ਹੈ, ਉਸ 'ਚ ਆਪਣਾ ਮਾਰਜਨ ਰੱਖਣ ਤੋਂ ਬਾਅਦ ਵੀ ਉਹ ਉਸ ਨੂੰ ਚੰਗੇ ਦਾਮ 'ਚ ਵੇਚ ਦਿੰਦੇ ਸਨ। ਪਰ ਭਾਰਤੀ ਸਮਾਨ 'ਚ ਇਸ ਦੀ ਘਾਟ ਹੈ। ਖਾਸ ਕਰ ਕੇ ਭਾਰਤ ਦੀ ਇਲੈਕਟ੍ਰਾਨਿਕ ਮਾਰਕੀਟ ਦੇ ਵਿੱਚ ਚਾਈਨਾ ਦਾ ਹੀ ਦਬਦਬਾ ਰਿਹਾ ਹੈ ਅਤੇ ਉਸ ਨੂੰ ਮਾਤ ਦੇਣਾ ਭਾਰਤ ਲਈ ਨਾਮੁਨਕਿਨ ਹੈ।
ਲੁਧਿਆਣਾ ਦੇ ਵਪਾਰੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਹੌਜ਼ਰੀ ਅਤੇ ਸਲਾਈ ਮਸ਼ੀਨਾਂ ਦਾ ਕੰਮ ਹੈ, 80 ਫੀਸਦੀ ਕੱਚਾ ਸਮਾਨ ਚਾਈਨਾ ਤੋਂ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਸਿਲਾਈ ਮਸ਼ੀਨਾਂ ਤੱਕ ਚਾਈਨੀਜ਼ ਹਨ। ਲੁਧਿਆਣਾ ਦੇ ਵਪਾਰੀਆਂ ਨੇ ਦੱਸਿਆ ਕਿ ਚਾਇਨਾ ਨੂੰ ਮਾਤ ਦੇਣਾ ਕਾਫੀ ਮੁਸ਼ਕਿਲ ਹੈ, ਕਿਉਂਕਿ ਉਨ੍ਹਾਂ ਵੱਲੋਂ ਭੇਜੇ ਜਾਂਦੇ ਪ੍ਰੋਡਕਟ ਦੀ ਭਾਰਤ 'ਚ ਬਣੇ ਪ੍ਰੋਡਕਟ ਨਾ ਤਾਂ ਕੁਆਲਟੀ ਨੂੰ ਮਾਤ ਦੇ ਪਾਉਂਦੇ ਹਨ ਅਤੇ ਨਾ ਹੀ ਪੈਸਿਆਂ ਨੂੰ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਚਾਈਨੀਜ਼ ਪ੍ਰੌਡਕਟਸ ਤੋਂ ਜਿਆਦਾ ਪੈਸੇ ਬਚਦੇ ਸਨ ਅਤੇ ਗਾਹਕ ਦੀ ਵੀ ਪਹਿਲੀ ਪਸੰਦ ਚਾਈਨਾ ਦੇ ਪ੍ਰੋਡਕਟ ਹੀ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਮੇਕ ਇਨ ਇੰਡੀਆ ਤਾਂ ਅਪਨਾਉਣਾ ਚਾਹੁੰਦੇ ਹਨ ਪਰ ਇਸ ਵਿੱਚ ਸਰਕਾਰਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ। ਵਪਾਰੀਆਂ ਨੇ ਕਿਹਾ ਕਿ ਮਸ਼ੀਨਾਂ ਹੀ ਚਾਈਨੀਜ਼ ਹਨ ਤਾਂ ਸਮਾਨ ਵੀ ਉੱਥੋਂ ਦਾ ਹੀ ਵਰਤਣਾ ਪਵੇਗਾ।