ਲੁਧਿਆਣਾ: ਕੇਂਦਰੀ ਜੇਲ੍ਹ 'ਚ ਬੀਤੇ ਦਿਨੀਂ ਮੋਬਾਈਲ ਅਤੇ ਸਿਮ ਬਰਾਮਦ ਹੋਣ ਤੋਂ ਬਾਅਦ ਕਈ ਵੱਡੇ ਸਿਆਸੀ ਆਗੂਆਂ ਦੇ ਨਾਂਅ ਸਾਹਮਣੇ ਆ ਰਹੇ ਹਨ। ਇਨ੍ਹਾਂ 'ਚ ਕਾਂਗਰਸ ਆਗੂਆਂ ਦੇ ਨਾਂਅ ਵੀ ਸ਼ਾਮਲ ਹਨ। ਪੁਲਿਸ ਨੇ ਕਾਂਗਰਸ ਆਗੂ ਅੰਕੁਸ਼, ਜਿਸ ਤੋਂ ਮੋਬਾਈਲ ਬਰਾਮਦ ਹੋਇਆ ਸ਼ੁਭਮ ਅਰੋੜਾ ਤੇ ਲੁਧਿਆਣਾ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ 'ਤੇ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਅੰਕੁਸ਼ ਨੇ ਸਹਾਇਕ ਸੁਪਰੀਟੈਂਡੈਂਟ ਦੀ ਮਦਦ ਨਾਲ ਜੇਲ੍ਹ ਅੰਦਰ ਸ਼ੁਭਮ ਤੱਕ ਮੋਬਾਈਲ ਪਹੁੰਚਾਇਆ ਸੀ ਜੋ ਕਿ ਪਹਿਲਾਂ ਹੀ ਧਾਰਾਂ 307 ਮਾਮਲੇ ਵਿੱਚ ਜੇਲ੍ਹ 'ਚ ਕੈਦ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਨੇ ਦੱਸਿਆ ਕਿ ਅੰਕੁਸ਼ ਵੱਲੋਂ ਸ਼ੁਭਮ ਤੱਕ ਮੋਬਾਈਲ ਅਤੇ ਸਿਮ ਪਹੁੰਚਾਉਣ ਲਈ ਜੇਲ੍ਹ ਦੇ ਸਹਾਇਕ ਸੁਪਰੀਟੈਂਡੈਂਟ ਦੀ ਮਦਦ ਲਈ ਗਈ ਸੀ। ਇਨ੍ਹਾਂ ਤਿੰਨਾਂ 'ਤੇ ਆਈਪੀਸੀ 420 ਅਤੇ 120 ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਲਗਾਤਾਰ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਕੈਦੀਆਂ ਤੱਕ ਮੋਬਾਈਲ ਪਹੁੰਚਾਉਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜੇਲ੍ਹ ਅਧਿਕਾਰੀਆਂ ਦੀ ਮਿਲੀ ਭੁਗਤ ਦਾ ਵੀ ਇਸ ਵਿੱਚ ਖ਼ੁਲਾਸਾ ਹੁੰਦਾ ਰਿਹਾ ਹੈ। ਲੁਧਿਆਣਾ 'ਚ ਸਾਹਮਣੇ ਆਏ ਤਾਜ਼ਾ ਮਾਮਲੇ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਬਿਨਾਂ ਜੇਲ੍ਹ ਅਧਿਕਾਰੀਆਂ ਦੀ ਮਦਦ ਤੋਂ ਪਰਿੰਦਾ ਵੀ ਜੇਲ੍ਹ 'ਚ ਪਰ ਨਹੀਂ ਮਾਰ ਸਕਦਾ।