ਲੁਧਿਆਣਾ: ਖੇਤੀ ਕਾਨੁੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਲਗਾਤਾਰ ਕਿਸਾਨ ਅੰਦੋਲਨ ਜਾਰੀ ਹੈ। ਲਗਾਤਾਰ ਲੰਬੇ ਸਮੇਂ ਤੋਂ ਜਾਰੀ ਕਿਸਾਨ ਅੰਦੋਲਨ ਕਾਰਨ ਲੁਧਿਆਣਾ ਦੀ ਸਾਈਕਲ ਟੂਲ ਇੰਡਸਟਰੀ ਵੀ ਪ੍ਰਭਾਵਤ ਹੋ ਰਹੀ ਹੈ। ਸਮੇਂ ਸਿਰ ਸਮਾਨ ਦੀ ਸਪਲਾਈ ਨਾ ਹੋਣ ਦੇ ਚਲਦੇ ਫੈਕਟਰੀਆਂ 'ਚ ਕੰਮ ਠੱਪ ਪੈ ਗਿਆ ਹੈ, ਜਿਸ ਕਾਰਨ ਫੈਕਟਰੀਆਂ ਬੰਦ ਹੋਣ ਦੀ ਕਾਗਾਰ 'ਤੇ ਹਨ।
ਇਸ ਬਾਰੇ ਦੱਸਦੇ ਹੋਏ ਕਾਰੋਬਾਰੀ ਅਵਤਾਰ ਸਿੰਘ ਭੋਗਲ ਨੇ ਕਿਹਾ ਕਿ ਸ਼ਹਿਰ ਦੀਆਂ ਇੰਡਸਟਰੀਆਂ ਬੰਦ ਹੋਣ ਦੀ ਕਾਗਾਰ 'ਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦਾ ਅਸਰ ਹਰ ਵਰਗ ਉੱਤੇ ਪੈ ਰਿਹਾ ਹੈ। ਕਿਸਾਨ ਅੰਦੋਲਨ ਕਾਰਨ ਸਮੇਂ ਸਿਰ ਰਾਅ ਮਟੀਰੀਅਲ ਦੀ ਸਪਲਾਈ ਨਾ ਹੋਣ ਕਾਰਨ ਕਾਰੋਬਾਰੀਆਂ ਨੂੰ ਆਰਡਰ ਪੂਰੇ ਕਰਨ 'ਚ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਟੀਲ ਦੀਆਂ ਕੀਮਤਾਂ ਵੱਧ ਗਈਆਂ ਹਨ ਜਦੋਂ ਕਿ ਉਨ੍ਹਾਂ ਦੇ ਆਰਡਰ ਪੁਰਾਣੀਆਂ ਕੀਮਤਾਂ 'ਤੇ ਹੀ ਤੈਅ ਹਨ। ਮਟੀਰੀਅਲ ਨਾ ਹੋਣ ਕਾਰਨ ਕੰਮ ਨਹੀਂ ਹੋ ਪਾ ਰਿਹਾ ਤੇ ਮਜ਼ਦੂਰ ਵਿਹਲੇ ਬੈਠੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਅੰਦੋਲਨ ਇੰਝ ਹੀ ਲਗਾਤਾਰ ਜਾਰੀ ਰਿਹਾ ਤਾਂ ਆਗਮੀ ਦਿਨਾਂ 'ਚ ਲੁਧਿਆਣਾ ਦੀਆਂ ਫੈਕਟਰੀਆਂ ਪੂਰੀ ਤਰ੍ਹਾਂ ਬੰਦ ਹੋ ਜਾਣਗੀਆਂ। ਇੰਡਸਟਰੀ ਦੇ ਸਾਰੇ ਕੰਮ ਠੱਪ ਪੈ ਜਾਣਗੇ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਕਿਉਂਕਿ ਕਿਸਾਨ ਅੰਦੋਲਨ ਕਰਕੇ ਕਾਰੋਬਾਰੀਆਂ ਸਣੇ ਆਮ ਲੋਕਾਂ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਅਵਤਾਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ, ਪਰ ਮੋਦੀ ਸਰਕਾਰ ਆਪਣੀ ਜ਼ਿੱਦ 'ਤੇ ਅੜੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਕਾਰਨ ਮਹਿਜ਼ ਪੰਜਾਬ ਦੇ ਕਾਰੋਬਾਰੀਆਂ ਹੀ ਨਹੀਂ, ਸਗੋਂ ਦੇਸ਼ ਦੇ ਹੋਰਨਾਂ ਸੂਬਿਆਂ ਤੇ ਆਮ ਲੋਕਾਂ ਨੂੰ ਵੀ ਆਰਥਿਕ ਨੁਕਸਾਨ ਹੋਵੇਗਾ। ਫੈਕਟਰੀ ਮਾਲਕਾਂ ਨੇ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ ਤਾਂ ਜੋ ਸੂਬੇ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।