ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਆਪਣੇ ਵੱਖਰੇ ਅੰਦਾਜ਼ ਲਈ ਸਿਆਸਤ 'ਚ ਜਾਣੇ ਜਾਂਦੇ ਹਨ। ਸ਼ਨੀਵਾਰ ਨੂੰ ਉਹ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਇਕਾਂਤਵਾਸ ਕੀਤੇ ਹੋਏ ਅਰਬ ਦੇਸ਼ਾਂ ਤੋਂ ਮੁੜੇ ਪਰਵਾਸੀ ਪੰਜਾਬੀਆਂ ਦੇ ਨਾਲ ਗੱਲਬਾਤ ਕਰਨ ਲਈ ਪਹੁੰਚੇ। ਇਸ ਮੌਕੇ ਬੈਂਸ ਨੇ ਨਾ ਸਿਰਫ ਉਨ੍ਹਾਂ ਦੀ ਸਾਰ ਲਈ ਸਗੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਕੇਂਦਰ ਅਤੇ ਸੂਬਾ ਸਰਕਾਰ ਤੱਕ ਪਹੁੰਚਾਉਣ ਦਾ ਵਾਅਦਾ ਵੀ ਕੀਤਾ। ਇਸ ਦੌਰਾਨ ਸੂਬਾ ਸਰਕਾਰ 'ਤੇ ਸਿਮਰਜੀਤ ਬੈਂਸ ਜੰਮ ਕੇ ਵਰ੍ਹੇ।
ਬੈਂਸ ਨੇ ਕਿਹਾ ਕਿ ਇਹ ਪ੍ਰਵਾਸੀ ਪੰਜਾਬੀ ਬੜੀ ਮੁਸ਼ਕਲ ਦੇ ਨਾਲ ਆਪਣੇ ਵਤਨ ਪਰਤੇ ਹਨ। ਇਨ੍ਹਾਂ ਵਰਗੇ ਲੱਖਾਂ ਪੰਜਾਬੀ ਹਾਲੇ ਵੀ ਅਰਬ ਦੇਸ਼ਾਂ ਦੇ ਵਿੱਚ ਮਿਹਨਤ ਮਜ਼ਦੂਰੀ ਕਰਨ ਲਈ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਉਨ੍ਹਾਂ ਪਰਵਾਸੀਆਂ ਨੂੰ ਆਪਣੇ ਮੁਲਕ ਲਿਆਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਬੈਂਸ ਨੇ ਕਿਹਾ ਕਿ ਇਨ੍ਹਾਂ ਲੋਕਾਂ ਨਾਲ ਵੀ ਸਰਕਾਰ ਲੁੱਟ ਖਸੁੱਟ ਕਰ ਰਹੀ ਹੈ ਜੋ ਟਿਕਟ 10 ਹਜ਼ਾਰ ਤੱਕ ਮਿਲ ਜਾਂਦੀ ਹੈ, ਉਸ ਲਈ ਉਨ੍ਹਾਂ ਤੋਂ ਦੋ-ਤਿੰਨ-ਤਿੰਨ ਗੁਣਾਂ ਪੈਸੇ ਵਸੂਲੇ ਗਏ ਹਨ। ਬੈਂਸ ਨੇ ਕਿਹਾ ਕਿ ਸਗੋਂ ਪਹਿਲਾਂ ਹੀ ਕੰਮਾਂ ਕਾਰਾਂ ਤੋਂ ਵਿਹਲੇ ਹੋਏ ਅਤੇ ਬੇਗਾਨੇ ਮੁਲਕਾਂ 'ਚ ਫਸੇ ਪੰਜਾਬੀਆਂ ਦੀ ਮਦਦ ਤਾਂ ਸਰਕਾਰ ਨੇ ਕੀ ਕਰਨੀ ਹੈ, ਸਗੋਂ ਉਨ੍ਹਾਂ ਨੂੰ ਮਹਿੰਗੀਆਂ ਟਿਕਟਾਂ ਲੈ ਕੇ ਇੱਥੇ ਆਉਣਾ ਪੈ ਰਿਹਾ ਹੈ ਅਤੇ ਫਿਰ ਕਈ ਕਈ ਦਿਨ ਇਕਾਂਤ ਵਾਸ 'ਚ ਰਹਿਣਾ ਪੈਂ ਰਿਹਾ ਹੈ। ਇਸ ਦੌਰਾਨ ਬੈਂਸ ਨੇ ਵੀ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਨਾਸਾਜ਼ ਰਹਿੰਦੀ ਹੈ ਤਾਂ ਉਨ੍ਹਾਂ ਨੂੰ ਕੈਬਿਨੇਟ ਵਿਚੋਂ ਹੀ ਕਿਸੇ ਇੱਕ ਨੂੰ ਡਿਪਟੀ ਸੀਐਮ ਬਣਾ ਦੇਣਾ ਚਾਹੀਦਾ ਹੈ।