ਲੁਧਿਆਣਾ: ਪੰਜਾਬ ਵਿੱਚ ਇਸ ਸਾਲ ਵੀ ਪਰਾਲੀ ਨੂੰ ਕਈ ਥਾਂ 'ਤੇ ਅੱਗ ਲਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਨੂੰ ਲੈ ਕੇ ਲੁਧਿਆਣਾ ਵਿਖੇ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਵਿੰਨੀ ਮਹਾਜਨ ਨੇ ਹਿੱਸਾ ਲਿਆ। ਇਸ ਦੌਰਾਨ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਕਿਸਾਨਾਂ ਨੇ ਦੱਸਿਆ ਕਿ ਮਸ਼ੀਨਾਂ ਤੇ ਦਿੱਤੀ ਜਾ ਰਹੀ ਸਰਕਾਰ ਦੀ ਸਬਸਿਡੀ ਉਨ੍ਹਾਂ ਤੱਕ ਨਹੀਂ ਪਹੁੰਚਦੀ ਹੈ।
ਕਿਸਾਨਾਂ ਨੇ ਕਿਹਾ ਕਿ ਜੋ ਮਸ਼ੀਨਾਂ ਸਰਕਾਰ 2 ਲੱਖ 'ਚ ਦਿੰਦੀ ਹੈ, ਉਹ ਬਾਹਰ ਉਨ੍ਹਾਂ ਨੂੰ ਇੱਕ ਲੱਖ 'ਚ ਮਿਲ ਜਾਂਦੀ ਹੈ। ਸਰਕਾਰ ਇਸ 'ਤੇ ਜੋ ਸਬਸਿਡੀ ਦਿੰਦੀ ਹੈ, ਉਹ ਉਨ੍ਹਾਂ ਤੱਕ ਅੱਧੀ ਤੋਂ ਵੀ ਘੱਟ ਪਹੁੰਚਦੀ ਹੈ। ਇਸ ਕਾਰਨ ਕਿਸਾਨਾਂ ਨੂੰ ਸਬਸਿਡੀ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ। ਕਿਸਾਨਾਂ ਨੇ ਕਿਹਾ ਕਿ ਪਰਾਲੀ ਦੀ ਸੰਭਾਲ ਲਈ ਸਰਕਾਰ ਨੂੰ ਉਨ੍ਹਾਂ ਨੂੰ ਪ੍ਰਤੀ ਏਕੜ ਕੁਝ ਮੁਆਵਜ਼ਾ ਦੇਣਾ ਚਾਹੀਦਾ ਹੈ। ਕਿਸਾਨਾਂ ਨੇ ਕਿਹਾ ਕਿ ਦਵਾਈਆਂ, ਬੀਜ ਵੀ ਮਹਿੰਗੇ ਹਨ ਜਿਸ ਕਾਰਨ ਕਿਸਾਨ ਇਸ ਦਾ ਬੋਝ ਨਹੀਂ ਝੱਲ ਸਕਦਾ ਅਤੇ ਮਜਬੂਰਨ ਕਿਸਾਨ ਨੂੰ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ।
ਦੂਜੇ ਪਾਸੇ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੀ ਪੰਜਾਬ ਦੇ ਐਡੀਸ਼ਨਲ ਚੀਫ ਸੈਕਟਰੀ ਵਿੰਨੀ ਮਹਾਜਨ ਨੇ ਕਿਹਾ ਕਿ ਇਸ ਸਾਲ ਬੀਤੇ ਸਾਲ ਨਾਲੋਂ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ 'ਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਚੌਗਿਰਦੇ ਦੀ ਸਾਂਭ ਲਈ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਛੋਟੇ ਕਿਸਾਨਾਂ ਤੱਕ ਮਸ਼ੀਨਾਂ ਨਾ ਖਰੀਦਣ ਦੀ ਸਮਰੱਥਾ ਹੋਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਰਕਾਰ ਇਸ 'ਤੇ ਸਬਸਿਡੀ ਦੇ ਰਹੀ ਹੈ ਅਤੇ ਪਿੰਡਾਂ ਵਿੱਚ ਵੱਡੇ ਕਿਸਾਨ ਆਪਣੀਆਂ ਮਸ਼ੀਨਾਂ ਛੋਟੇ ਕਿਸਾਨਾਂ ਨਾਲ ਵੰਡ ਵੀ ਸਕਦੇ ਹਨ।