ਲੁਧਿਆਣਾ: ਜ਼ਿਲ੍ਹੇ ’ਚ ਜਿਥੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਵਾਈ। ਉੱਥੇ ਹੀ ਦੂਜੇ ਪਾਸੇ 1158 ਸਹਾਇਕ ਪ੍ਰੋਫ਼ੈਸਰ ਫਰੰਟ ਵੱਲੋਂ ਸੀਐੱਮ ਮਾਨ ਦਾ ਵਿਰੋਧ ਕਰਨ ਲਈ ਪਹੁੰਚੇ। ਦੱਸ ਦਈਏ ਕਿ 1158 ਸਹਾਇਕ ਪ੍ਰੋਫ਼ੈਸਰ ਜਿਨ੍ਹਾਂ ਦੀ ਭਰਤੀ 2021 ਵਿੱਚ ਕੀਤੀ ਗਈ ਸੀ ਉਨ੍ਹਾਂ ਨੂੰ ਨਿਯੁਕਤੀਆਂ ਨਾ ਮਿਲਣ ਕਾਰਨ ਇਹ ਵਿਰੋਧ ਕੀਤਾ ਗਿਆ।
ਦੱਸ ਦਈਏ ਕਿ ਵਿਰੋਧ ਕਰਨ ਆਏ ਪ੍ਰਦਰਸ਼ਨਕਾਰੀਆਂ ਨੂੰ ਪਹਿਲਾਂ ਹੀ ਪੁਲਿਸ ਦੀ ਟੀਮ ਨੇ ਸਟੇਡੀਅਮ ਤੋਂ ਪਹਿਲਾਂ ਹੀ ਰੋਕ ਲਿਆ ਅਤੇ ਬੱਸਾਂ ਵਿਚ ਭਰ ਕੇ ਲੁਧਿਆਣਾ ਸਰਾਭਾ ਨਗਰ ਪੁਲਿਸ ਸਟੇਸ਼ਨ ਲਿਆਂਦਾ ਗਿਆ। ਇਸ ਦੌਰਾਨ ਅਸਿਸਟੈਂਟ ਪ੍ਰੋਫੈਸਰਾਂ ਦੇ ਨਾਲ ਪੁਲਿਸ ਵਿਚਾਲੇ ਝੜਪ ਵੀ ਹੋਈ। ਇਸ ਦੌਰਾਨ ਸਹਾਇਕ ਪ੍ਰੋਫੈਸਰਾਂ ਨੇ ਆਪਣੀ ਭੜਾਸ ਜੰਮ ਕੇ ਸਰਕਾਰ ਦੇ ਖਿਲਾਫ ਕੱਢੀ ਅਤੇ ਕਿਹਾ ਕਿ ਸਾਨੂੰ ਅੱਜ ਭਗਵੰਤ ਮਾਨ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ।
ਉੱਥੇ ਹੀ ਵ੍ਹੀਲਚੇਅਰ ’ਤੇ ਆਈ ਇੱਕ ਮਹਿਲਾ ਦੀ ਵੀ ਪੁਲਿਸ ਵੱਲੋਂ ਹੱਥਾਪਾਈ ਹੁੰਦੀ ਦਿਖਾਈ ਦਿੱਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੁਲਿਸ ਸਾਡੇ ਨਾਲ ਧੱਕਾ ਕਰ ਰਹੀ ਹੈ ਅਤੇ ਸਾਨੂੰ ਕਹਿ ਰਹੀ ਹੈ ਕਿ ਉਨ੍ਹਾਂ ਨੂੰ ਪੁਲਿਸ ਸਟੇਸ਼ਨ ਲੈ ਜਾਣਗੇ। ਉਨ੍ਹਾਂ ਕਿਹਾ ਕਿ ਉਹ ਨਿਡਰ ਹਨ ਅਤੇ ਜਿੱਥੇ ਉਨ੍ਹਾਂ ਨੂੰ ਲਿਜਾਣਾ ਹੈ ਲੈ ਜਾਵੇ ਪਰ ਆਪਣੇ ਹੱਕ ਲਈ ਇਸੇ ਤਰ੍ਹਾਂ ਲੜਦੇ ਰਹਿਣਗੇ।
ਇਸ ਦੌਰਾਨ ਸਹਾਇਕ ਪ੍ਰੋਫੈਸਰਾਂ ਨੇ ਕਿਹਾ ਕਿ ਉਨ੍ਹਾਂ ਦੀ ਭਰਤੀ ਪਿਛਲੇ ਸਾਲ ਨਵੰਬਰ ਵਿੱਚ ਹੋਈ ਸੀ ਅਤੇ ਯੋਗਤਾ ਦੇ ਆਧਾਰ ’ਤੇ ਹੀ ਉਨ੍ਹਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਸਨ ਪਰ ਹਾਲੇ ਤੱਕ ਉਨ੍ਹਾਂ ਨੂੰ ਨੌਕਰੀ ਜੁਆਇੰਨ ਨਹੀਂ ਕਰਵਾਈ ਗਈ ਉਹ ਲਗਾਤਾਰ ਇਸ ਸਬੰਧੀ ਭਗਵੰਤ ਮਾਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੀਐਮ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਉਹ ਸਾਰਾ ਕੰਮ ਕਾਰ ਛੱਡ ਕੇ ਇੱਥੇ ਆਏ ਅਤੇ ਹੁਣ ਪੁਲਿਸ ਉਨ੍ਹਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਆ ਗਈ ਹੈ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਵੱਲੋ ਉਨ੍ਹਾਂ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਜਦਕਿ ਅਸੀਂ ਪੜ੍ਹੇ ਲਿਖੇ ਹਨ ਅਤੇ ਕਈਆਂ ਨੇ ਪੀਐੱਚਡੀ ਤੱਕ ਕੀਤੀ ਹੋਈ ਹੈ ਇਸ ਦੇ ਬਾਵਜੂਦ ਸੜਕਾਂ ’ਤੇ ਰੁਲਣ ਲਈ ਮਜਬੂਰ ਹੋ ਰਹੇ ਹਾਂ।
ਇਹ ਵੀ ਪੜੋ: ਪੰਜਾਬ ਭਰ ਵਿੱਚ ਮੁਹੱਲਾ ਕਲੀਨਿਕ ਦੀ ਹੋਈ ਸ਼ੁਰੂਆਤ