ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਲੈ ਕੇ ਮਿਲਿਆ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਉਸ ਵਿਚ ਸੂਬਾ ਸਰਕਾਰ ਟੈਕਸ ਵਿੱਚ ਕਟੌਤੀ ਕਰੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਜੇਬ 'ਤੇ ਬੋਝ ਪੈ ਰਿਹਾ ਹੈ ਅਤੇ ਪੈਟਰੋਲ ਡੀਜ਼ਲ ਤੇ ਬਹੁਤ ਜ਼ਿਆਦਾ ਟੈਕਸ ਲਗਾ ਕੇ ਵੇਚਿਆ ਜਾ ਰਿਹਾ ਹੈ।
ਜਿਸ ਦਾ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਫਾਇਦਾ ਹੋ ਰਿਹਾ ਹੈ, ਇਸੇ ਕਰਕੇ ਸੂਬਾ ਸਰਕਾਰ ਵੀ ਚੁੱਪ ਬੈਠੀ ਹੈ। ਇਸ ਦੌਰਾਨ ਬਿਜਲੀ ਵਿਭਾਗ ਵੱਲੋਂ ਅੰਮ੍ਰਿਤਸਰ ਵਿੱਚ ਟੈਕਸਟਾਈਲ ਇੰਡਸਟਰੀ ਨੂੰ ਇੰਡਸਟਰੀ ਚਲਾਉਣ ਦੀ ਛੋਟ ਦੇਣ ਦੇ ਮਾਮਲੇ ਤੇ ਵੀ ਉਨ੍ਹਾਂ ਨੇ ਕਿਹਾ ਕਿ ਲੁਧਿਆਣਾ 'ਚ ਵੀ ਇੰਡਸਟਰੀ ਨੂੰ ਰਾਹਤ ਦੇਣੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੈਟਰੋਲ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਖਿਲਾਫ਼ ਅਕਾਲੀ ਦਲ ਮੰਗ ਪੱਤਰ ਦੇਣ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਇੰਡਸਟਰੀ ਵੱਡਾ ਨੁਕਸਾਨ ਝੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇੰਡਸਟਰੀ ਨੂੰ ਰਾਹਤ ਦੇਣੀ ਚਾਹੀਦੀ ਹੈ।
ਉਨ੍ਹਾਂ ਦਾ ਕਹਿਣਾ ਕਿ ਅੰਮ੍ਰਿਤਸਰ ਵਿੱਚ ਜੋ ਫਾਰਮੂਲਾ ਵਰਤਿਆ ਗਿਆ, ਉਸ ਨੂੰ ਲੁਧਿਆਣਾ 'ਚ ਵੀ ਵਰਤਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਕਾਂਗਰਸ ਦੇ ਆਗੂ ਬੀਤੀ ਸਰਕਾਰ ਵੱਲੋਂ ਬਿਜਲੀ ਕੰਪਨੀਆਂ ਨਾਲ ਕੀਤੇ ਗਏ ਕਰਾਰਾਂ ਦੀ ਦੁਹਾਈ ਪਾ ਰਹੇ ਹਨ, ਉਹ ਸਭ ਆਪਣੀ ਨਾਕਾਮੀਆਂ ਲੁਕਾਉਣ ਦਾ ਇਕ ਢੰਗ ਹੈ।
ਉਨ੍ਹਾਂ ਕਿਹਾ ਕਿ ਜੇਕਰ ਗੱਲ ਬਿਜਲੀ ਸਮਝੋਤੇ ਦੀ ਸੀ ਤਾਂ ਚਾਰ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਸਰਕਾਰ ਨੇ ਉਨ੍ਹਾਂ ਨੂੰ ਰੱਦ ਕਿਉਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਮੁੱਦਾ ਉਹ ਚੋਣਾਂ ਨੂੰ ਲੈਕੇ ਨਹੀਂ ਸਗੋਂ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੇਖ ਕੇ ਚੁੱਕ ਰਹੇ ਹਨ।
ਇਹ ਵੀ ਪੜ੍ਹੋ:ਕੈਪਟਨ ਬੋਲੇ ਸੋਨੀਆ ਦਾ ਹੁਕਮ ਸਿਰ ਮੱਥੇ, ਸਿੱਧੂ 'ਤੇ ਕਿਹਾ: ਕੁਝ ਨਹੀਂ ਪਤਾ