ਲੁਧਿਆਣਾ: ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਨੇ ਲੁਧਿਆਣਾ 'ਚ ਪ੍ਰੈਸ ਕਾਨਫਰੰਸ ਕੀਤੀ। ਇਹ ਪ੍ਰੈਸ ਕਾਨਫਰੰਸ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਰੱਖੀ ਗਈ। ਇਸ ਕਾਨਫਰੰਸ 'ਚ ਕੁਲਤਾਰ ਸਿੰਘ ਨੇ ਦੋਹਾਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਦਾ ਵਿਰੋਧ ਕੀਤਾ।
ਵਿਧਾਇਕ ਕੁਲਤਾਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਗਾਤਾਰ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਇਹ ਆਰਡੀਨੈਂਸ ਲਿਆ ਕੇ ਕਿਸਾਨਾਂ ਦਾ ਗੱਲ ਘੁੱਟਣਾ ਚਾਹੁੰਦੀ ਹੈ। ਉਹ ਖੇਤੀ ਨੂੰ ਕਾਰਪੋਰੇਟ ਸੈਕਟਰ ਦੀ ਝੋਲੀ 'ਚ ਪਾ ਕੇ ਉਨ੍ਹਾਂ ਨੂੰ ਮੁਨਾਫਾ ਦਵਾਉਣਾ ਚਾਹੁੰਦੀ ਹੈ। ਕੁਲਤਾਰ ਸਿੰਘ ਨੇ ਆਖਿਆ ਕਿ ਸਾਨੂੰ ਸਭ ਨੂੰ ਮਿਲ ਕੇ ਇਨ੍ਹਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਅਕਾਲੀ ਦਲ ਮਹਿਜ਼ ਇੱਕ ਕੁਰਸੀ ਲਈ ਕਿਸਾਨਾਂ ਦੇ ਹੱਕਾਂ ਨੂੰ ਭੁੱਲ ਗਿਆ। ਮਹਿਜ਼ ਸਿਆਸਤ 'ਚ ਰਹਿਣ ਲਈ ਉਹ ਇਸ ਆਰਡੀਨੈਂਸ ਦੇ ਹੱਕ 'ਚ ਨਿੱਤਰ ਆਏ ਹਨ। ਇਹ ਇੱਕ ਮੰਦਭਾਗੀ ਗੱਲ ਹੈ।
ਕੁਲਤਾਰ ਸਿੰਘ ਨੇ ਕਿਹਾ ਕਿ ਖੇਤੀ ਆਰਡੀਨੈਂਸ ਦੇ ਨਾਲ ਸਰਕਾਰ ਐਮਐਸਪੀ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਐਫਸੀਆਈ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ ਤਾਂ ਫਸਲ ਦੀ ਖ਼ਰੀਦ ਕੌਣ ਕਰੇਗਾ। ਉਨ੍ਹਾਂ ਕਿਹਾ ਯੂਰਪ ਅਤੇ ਅਮਰੀਕਾ ਵਰਗੇ ਦੇਸ਼ਾਂ 'ਚ ਇਹ ਪਹਿਲਾਂ ਤੋਂ ਹੀ ਲਾਗੂ ਹੈ, ਜਿਸ ਕਾਰਨ ਉੱਥੇ ਦੇ ਵੀ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਕਿਸਾਨ ਦੇਸ਼ ਦਾ ਢਿੱਲ ਪਾਲਦੇ ਹਨ, ਇਸ ਲਈ ਸਰਕਾਰਾਂ ਨੂੰ ਕਿਸਾਨਾਂ ਦੇ ਹੱਕਾਂ ਨੂੰ ਮਹੱਤਵ ਦੇਣਾ ਚਾਹੀਦਾ ਹੈ।
ਕੁਲਤਾਰ ਸਿੰਘ ਨੇ ਪੰਜਾਬ ਦੇ ਹੋਰਨਾਂ ਮੁੱਦਿਆਂ 'ਤੇ ਵੀ ਆਪਣੀ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰ ਦੀ ਅਰਥਿਕ ਮਦਦ ਬੇਹਦ ਘੱਟ ਕੀਤੀ ਜਾ ਰਹੀ ਹੈ। ਜਦਕਿ ਦਿੱਲੀ ਸਰਕਾਰ ਇੱਕ-ਇੱਕ ਸ਼ਹੀਦ ਦੇ ਪਰਿਵਾਰ ਨੂੰ ਕਰੋੜਾਂ ਰੁਪਏ ਦੀ ਮਦਦ ਕਰ ਰਹੀ ਹੈ। ਕੁਲਤਾਰ ਸਿੰਘ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਰਾਸ਼ਨ ਨੂੰ ਲੈ ਕੇ ਅਕਾਲੀ ਦਲ ਵੱਲੋਂ ਕੀਤੇ ਜਾਣ ਵਾਲੇ ਪ੍ਰਦਰਸ਼ਨ 'ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਰੈਫਰੈਂਡਮ ਮੁੱਦੇ 'ਤੇ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਗੁਰਪਤਵੰਤ ਪੰਨੂ ਨੂੰ ਜਾਣ ਬੁਝ ਕੇ ਮੁੱਦਾ ਬਣਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਦਾ ਧਿਆਨ ਹੋਰਨਾਂ ਮੁੱਦਿਆਂ ਤੋਂ ਭੱਟਕਾਇਆ ਜਾ ਸਕੇ। ਇੱਥੇ ਕੋਈ ਬੇਰੁਜਗਾਰੀ, ਲੋਕਾਂ ਦੀ ਸਮੱਸਿਆਵਾਂ ਤੇ ਆਰਥਿਕ ਤੰਗੀ ਦੀ ਗੱਲ ਨਹੀਂ ਕਰਦਾ। ਸਗੋਂ ਸੂਬਾ ਸਰਕਾਰ ਅਜਿਹੇ ਗੁਰਪਤਵੰਤ ਪੰਨੂ 'ਤੇ ਸਿਆਸਤ ਕਰ ਰਹੀ ਹੈ ਜੋ ਕਿ ਸਾਡੇ ਦੇਸ਼ ਦਾ ਵਾਸੀ ਹੀ ਨਹੀਂ ਹੈ। ਉਨ੍ਹਾਂ ਆਖਿਆ ਕਿ ਖੇਤੀ ਆਰਡੀਨੈਂਸਾਂ ਨੂੰ ਲੈ ਕੇ " ਆਪ" ਖੇਤੀ ਆਰਡੀਨੈਂਸਾਂ ਖਿਲਾਫ ਕਿਸਾਨਾਂ ਦੇ ਹੱਕ 'ਚ ਅਵਾਜ਼ ਬੁਲੰਦ ਕਰੇਗੀ।