ਲੁਧਿਆਣਾ: ਮੁਲਾਂਪੁਰ ਦਾਖਾਂ ਵਿੱਚ ਬੀਤੇ ਸ਼ਨੀਵਾਰ ਇੱਕ ਕੋਠੀ ਵਿੱਚ ਇੱਕ ਨਵ-ਵਿਆਹੁਤਾ ਮਹਿਲਾ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਇੱਕ ਮੁੱਖ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਅਜੇ ਵੀ ਬਾਹਰ ਹੈ। ਪੁਲਿਸ ਦਾ ਦਾਅਵਾ ਹੈ ਕਿ ਉਸ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਲਾਂਪੁਰ ਦਾਖਾ ਦੇ ਡੀਐਸਪੀ ਗੁਰਵੰਤ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਨੌਜਵਾਨ ਜਸਕਰਨ ਸਿੰਘ ਆਪਣੀ ਭੈਣ ਦੀਵਿਆਂ ਨੂੰ ਮਹਿੰਦੀ ਲਾਉਣ ਦਾ ਬਹਾਨਾ ਲਾ ਕੇ ਇੱਕ ਮਹਿਲਾ ਨੂੰ ਵਰਗਲਾ ਕੇ ਲੈ ਗਿਆ ਸੀ ਅਤੇ ਬਾਅਦ ਵਿੱਚ ਉਸ ਦਾ ਸਮੂਹਿਕ ਬਲਾਤਕਾਰ 5 ਮੁਲਜ਼ਮਾਂ ਵੱਲੋਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਇੱਕ ਦੀ ਭਾਲ ਜਾਰੀ ਹੈ। ਪੁਲਿਸ ਨੂੰ ਜਦੋਂ ਪੁੱਛਿਆ ਗਿਆ ਕਿ ਜਿਸ ਥਾਂ ਇਹ ਹਾਦਸਾ ਹੋਇਆ ਹੈ,ਉਹ ਕਿਸੇ ਸਿਆਸੀ ਲੀਡਰ ਦੀ ਕੋਠੀ ਸੀ ਤਾਂ ਪੁਲਿਸ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਹੈ।
ਜ਼ਿਕਰੇ ਖ਼ਾਸ ਹੈ ਕਿ ਬੀਤੇ ਦਿਨੀਂ ਮਹਿੰਦੀ ਲਾਉਣ ਵਾਲੀ ਮਹਿਲਾ ਦਾ ਪੰਜ ਮੁਲਜ਼ਮਾਂ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਲਗਾਤਾਰ ਉਸ ਦੀ ਭਾਲ ਕਰ ਰਹੀ ਸੀ। ਵਾਰਦਾਤ ਨੂੰ ਅੰਜਾਮ ਦੇਣ ਵਾਲੀ ਕਾਰ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ।