ਲੁਧਿਆਣਾ : ਤਿਉਹਾਰਾਂ ਮੌਕੇ ਬਿਜਲੀ ਦੇ ਅਣਐਲਾਨੇ ਕੱਟਾਂ ਨੇ ਲੋਕਾਂ ਦਾ ਮਜ਼ਾ ਕਿਰਕਿਰਾ ਕਰ ਦਿੱਤਾ ਹੈ। ਬਿਜਲੀ ਦੇ ਨਾਲ ਨਾਲ ਪਾਣੀ ਦੀ ਸਮੱਸਿਆ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਬਿਜਲੀ ਵਿਭਾਗ ਇਸ ਦਾ ਕਾਰਨ ਖ਼ਰਾਬ ਮੌਸਮ ਨੂੰ ਦੱਸ ਰਿਹਾ ਹੈ।
ਲੁਧਿਆਣਾ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਐਤਵਾਰ ਦੁਪਹਿਰ 3 ਵਜੇ ਬੱਤੀ ਗੁੱਲ ਹੋ ਗਈ। ਬਿਜਲੀ ਨਾ ਹੋਣ ਕਾਰਨ ਸ਼ਹਿਰ ਦੇ ਕਈ ਇਲਾਕਿਆਂ 'ਚ ਪਾਣੀ ਦੀ ਸਮੱਸਿਆ ਵੀ ਖੜੀ ਹੋ ਗਈ।
ਜਿਸ ਤੋਂ ਬਾਅਦ ਤੰਗ ਆਏ ਲੋਕਾਂ ਨੇ ਪਾਵਰਕਾਮ ਦੇ ਦਫ਼ਤਰ 'ਚ ਫ਼ੋਨ ਖ਼ੜਕਾਉਣੇ ਸ਼ੁਰੂ ਕਰ ਦਿੱਤੇ। ਫ਼ੋਨ ’ਤੇ ਵਿਭਾਗ ਦੇ ਅਧਿਕਾਰੀ ਜਲਦ ਬਿਜਲੀ ਚਾਲੂ ਕਰਨ ਦਾ ਭਰੋਸਾ ਦਿੰਦੇ ਰਹੇ ਤੇ ਪੂਰੀ ਰਾਤ ਬਿਜਲੀ ਚਾਲੂ ਨਹੀਂ ਹੋ ਸਕੀ ਤੇ ਸੋਮਵਾਰ ਸਵੇਰੇ 8:00 ਵਜੇ ਤੋਂ ਬਾਅਦ ਕੁਝ ਕੁ ਇਲਾਕਿਆਂ 'ਚ ਹੀ ਬਿਜਲੀ ਦੀ ਸਪਲਾਈ ਬਹਾਲ ਹੋਈ ਹੈ।
ਇਸ ਸਬੰਧੀ ਕਾਕੋਵਾਲ ਫੀਡਰ ਦੇ ਐਕਸੀਅਨ ਬਲਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਆਈ ਹਨੇਰੀ ਤੇ ਮੀਂਹ ਕਾਰਨ ਬਹੁਤ ਸਾਰੇ ਇਲਾਕਿਆਂ ਵਿੱਚ ਦਿੱਕਤਾਂ ਖੜੀਆਂ ਹੋ ਗਈਆਂ, ਜਿਸ ਨੂੰ ਠੀਕ ਕਰਨ ਲਈ ਟੀਮਾਂ ਨੂੰ ਰਾਤ ਭਰ ਮੁਸ਼ੱਕਤ ਕਰਨੀ ਪਈ। ਬਹੁਤੇ ਸਾਰੇ ਇਲਾਕਿਆਂ ਵਿੱਚ ਦੇਰ ਰਾਤ ਬਿਜਲੀ ਸਪਲਾਈ ਸ਼ੁਰੂ ਕਰਵਾ ਦਿੱਤੀ ਗਈ ਸੀ ਤੇ ਬਾਕੀ ਬਚੇ ਇਲਾਕਿਆਂ ਵਿੱਚ ਸੋਮਵਾਰ ਸਵੇਰੇ ਬਿਜਲੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ।