ਲੁਧਿਆਣਾ: ਜ਼ਿਲ੍ਹੇ ਦੇ ਸ਼ਹੀਦ ਕਰਨੈਲ ਸਿੰਘ ਨਗਰ ਦੀ ਇੱਕ 11 ਸਾਲਾਂ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਹਿ ਰਹੀ ਹੈ ਕਿ ਉਸ ਦੇ ਨਾਨਾ ਨਾਨੀ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ। ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਬੱਚੀ ਦੇ ਗੁਆਂਢੀਆਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ।
ਵਾਇਰਲ ਵੀਡੀਓ ’ਚ ਬੱਚੀ ਦੱਸ ਰਹੀ ਹੈ ਕਿ ਉਸ ਦੇ ਮੂੰਹ 'ਚ ਕੱਪੜਾ ਪਾ ਕੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਨੂੰ ਕੁਝ ਪਤਾ ਹੀ ਨਾ ਚੱਲੇ। ਉਨ੍ਹਾਂ ਕਿਹਾ ਕਿ ਉਹ ਬਹੁਤ ਪਰੇਸ਼ਾਨ ਹੈ। ਉੱਥੇ ਹੀ ਇਸ ਪੂਰੇ ਮਾਮਲੇ ਦੇ ਵਿੱਚ ਇਲਾਕੇ ਦੇ ਹੀ ਵਕੀਲ ਡੇਵਿਡ ਗਿੱਲ ਦੀ ਬੇਟੀਆਂ ਨੂੰ ਜਦੋਂ ਉਸ ਬੱਚੀ ਨੇ ਆਪਣੀ ਸਾਰੀ ਹੱਡ ਬੀਤੀ ਦੱਸੀ ਤਾਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਬਾਲ ਭਲਾਈ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ।
ਵਕੀਲ ਡੇਵਿਡ ਗਿੱਲ ਨੇ ਦੱਸਿਆ ਕਿ ਬੱਚੀ ਸਾਡੇ ਗੁਆਂਢ ਵਿੱਚ ਹੀ ਕਿਰਾਏ ਦੇ ਮਕਾਨ ਤੇ ਰਹਿੰਦੀ ਹੈ, ਉਹ ਆਪਣੇ ਨਾਨਾ ਨਾਨੀ ਅਤੇ ਤਿੰਨ ਮਾਮੇ ਦੇ ਨਾਲ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਪਿਤਾ ਦਾ ਚੌਥਾ ਵਿਆਹ ਹੈ ਜਿਸ ਕਰਕੇ ਨਾਨਾ ਨਾਨੀ ਉਸ ਬੱਚੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹਨ, ਕਿਉਂਕਿ ਉਨ੍ਹਾਂ ਦੀ ਬੇਟੀ ਨਾਲ ਉਨ੍ਹਾਂ ਦੇ ਜਵਾਈ ਦੀ ਨਹੀਂ ਬਣਦੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਦੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਨੇ ਵੀ ਪਰਚਾ ਨਹੀਂ ਕੱਟਿਆ। ਬੱਚੀ ਕੋਲੋਂ ਵਾਰ ਵਾਰ ਬਿਆਨ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਬੱਚੀ ਨੂੰ ਬਚਾਉਣ ਦਾ ਯਤਨ ਕੀਤਾ ਹੈ। ਬੱਚੀ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਉੱਧਰ ਦੂਜੇ ਪਾਸੇ ਮੌਕੇ ’ਤੇ ਪਹੁੰਚੇ ਥਾਣਾ ਦੁੱਗਰੀ ਦੀ ਤਫ਼ਤੀਸ਼ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਹੈਲਪਲਾਈਨ ਨੰਬਰ ’ਤੇ ਹੀ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ। ਹਾਲਾਂਕਿ ਬੱਚੀ ਇਹ ਦਾਸਤਾਂ ਜ਼ਰੂਰ ਦੱਸ ਰਹੀ ਹੈ ਕਿ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ, ਪਰ ਬੱਚੀ ਦੇ ਸਰੀਰ ਤੇ ਕਿਸੇ ਤਰ੍ਹਾਂ ਦੀ ਕੁੱਟਮਾਰ ਦਾ ਨਿਸ਼ਾਨ ਨਹੀਂ ਹੈ। ਇਸ ਕਰਕੇ ਉਹ ਇਸ ’ਤੇ ਕਾਰਵਾਈ ਕਰ ਰਹੇ ਹਨ ਅਤੇ ਜਾਂਚ ਕਰ ਰਹੇ ਹਨ। ਨਾਲ ਹੀ ਉਨ੍ਹਾਂ ਵੱਲੋਂ ਬਾਲ ਭਲਾਈ ਵਿਕਾਸ ਵਿਭਾਗ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜੋ: ਹੈਰਾਨੀਜਨਕ ! ਭਰਾ ਨੇ ਕਹੀ ਮਾਰ ਭੈਣ ਦਾ ਕੀਤਾ ਕਤਲ