ਜਲੰਧਰ : ਵਿਦੇਸ਼ਾਂ ਜਾਣ ਲਈ ਬਣਾਏ ਗਏ ਸਖ਼ਤ ਕਾਨੂੰਨ ਬਣਾਏ ਜਾਣ ਤੋਂ ਬਾਅਦ ਅਜੇ ਵੀ ਟ੍ਰੈਵਲ ਏਜੰਟਾਂ ਵੱਲੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾਧੜੀ ਕੀਤੇ ਜਾਣ ਦੇ ਮਾਮਲੇ ਜਾਰੀ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਮੁੜ ਸਾਹਮਣੇ ਆਇਆ ਹੈ।
ਸ਼ਹਿਰ ਦੇ ਪ੍ਰੈੱਸ ਕਲੱਬ 'ਚ ਬ੍ਰਹਮੋਸ ਵਿੱਚ ਢਾਈ ਸਾਲ ਤੋਂ ਲਾਪਤਾ ਹੋਏ 6 ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਲੱਭਣ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਆਪਣੇ ਬੱਚਿਆਂ ਨੂੰ ਲੱਭਣ ਲਈ ਮਦਦ ਦੀ ਅਪੀਲ ਕੀਤੀ।
ਇਹ ਲਾਪਤਾ ਨੌਜਵਾਨ ਗ਼ਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਪਿਛਲੇ ਢਾਈ ਸਾਲਾਂ ਤੋਂ ਲਾਪਤਾ ਹੋ ਚੁੱਕੇ ਹਨ। ਲਾਪਤਾ ਨੌਜਵਾਨਾਂ ਵਿੱਚ ਦੋ ਮੁਕੇਰੀਆਂ, ਇੱਕ ਗੁਰਦਾਸਪੁਰ ਇੱਕ ਅੰਮ੍ਰਿਤਸਰ ਅਤੇ ਦੋ ਕਪੂਰਥਲਾ ਦੇ ਨੌਜਵਾਨ ਸ਼ਾਮਲ ਹਨ। ਲਾਪਤਾ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਏਜੰਟ ਮੁਕੇਰੀਆਂ ਦਾ ਰਹਿਣ ਵਾਲਾ ਹੈ ਅਤੇ ਦੂਜਾ ਭੁਲੱਥ ਦਾ ਵਸਨੀਕ ਹੈ। ਉਨ੍ਹਾਂ ਦੱਸਿਆ ਕਿ ਲਾਪਤਾ ਨੌਜਵਾਨਾਂ ਨੂੰ ਬ੍ਰਹਮੋਸ ਦੇ ਫ੍ਰੀ ਪੋਰਟ ਉੱਤੇ ਛੱਡ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਕੋਲੋਂ ਉਨ੍ਹਾਂ ਦੇ ਪਾਸਪੋਰਟ, ਮੋਬਾਇਲ ਅਤੇ ਹੋਰਨਾਂ ਸਮਾਨ ਖੋਹ ਲਏ ਗਏ ਸਨ। ਲਾਪਤਾ ਨੌਜਵਾਨਾਂ ਦੀ ਪਰਿਵਾਰਕ ਮੈਂਬਰਾਂ ਨਾਲ 2 ਅਗਸਤ 2017 ਵਿੱਚ ਆਖ਼ਰੀ ਵਾਰ ਗੱਲ ਹੋਈ ਸੀ। ਉਸ ਤੋਂ ਬਾਅਦ ਉਨ੍ਹਾਂ ਦਾ ਕੁੱਝ ਵੀ ਪਤਾ ਨਹੀਂ ਲਗਾ ਅਤੇ ਉਹ ਲਾਪਤਾ ਹੋ ਗਏ ।
ਲਾਪਤਾ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਬੀਤੇ ਦਿਨੀਂ ਦੋਹਾਂ ਮੁਲਜ਼ਮ ਏਜੰਟਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰੀ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ। ਉਨ੍ਹਾਂ ਨੇ ਦੋਹਾਂ ਏਜੰਟਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ ਦੀ ਗੱਲ ਆਖੀ ਤਾਂ ਜੋ ਲਾਪਤਾ ਨੌਜਵਾਨਾਂ ਬਾਰੇ ਪਤਾ ਲਗਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਵਾਪਸ ਭਾਰਤ ਲਿਆਦਾਂ ਜਾ ਸਕੇ। ਪੀੜਤ ਪਰਿਵਾਰਾਂ ਨੇ ਦੋਹਾਂ ਮੁਲਜ਼ਮਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਉਹ ਮੁੜ ਕਿਸੇ ਨਾਲ ਅਜਿਹਾ ਵਤੀਰਾ ਨਾ ਕਰ ਸਕਣ।