ਜਲੰਧਰ: ਸੀ.ਆਈ.ਏ ਸਟਾਫ ਤੇ ਦਿਹਾਤੀ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਹਾਸਲ ਹੋਈ ਜਦ ਨਾਕੇਬੰਦੀ ਦੌਰਾਨ ਪੁਲਿਸ ਨੇ 3 ਅਲੱਗ ਅਲੱਗ ਮਾਮਲਿਆਂ ਵਿੱਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਨਸ਼ਾ ਤਸਕਰਾਂ ਤੋਂ 4 ਕਿਲੋ 700 ਗ੍ਰਾਮ ਗਾਂਜਾ, 1600 ਦੇ ਲਗਭਗ ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ ਕੀਤੀਆਂ ਹਨ ।
ਪਹਿਲੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਲੰਧਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਦਿੱਲੀ ਦੇ ਰਹਿਣ ਵਾਲੇ 3 ਲੋਕਾਂ ਨੂੰ ਗੋਰਾਇਆ ਇਲਾਕੇ 'ਚ ਰੋਕਿਆ ਗਿਆ ਤੇ ਤਲਾਸ਼ੀ ਦੇ ਦੌਰਾਨ ਉਨ੍ਹਾਂ ਕੋਲੋਂ 1 ਕਿਲੋ ਹੈਰੋਇਨ ਬਰਾਮਦ ਹੋਈ। ਫੜੇ ਗਏ ਇਨ੍ਹਾਂ ਦੋਸ਼ੀਆਂ ਦਾ ਨਾਮ ਜੈਕਲੀਨ ਅਸ਼ੋਕ ਕੁਮਾਰ ਅਤੇ ਦਵਿੰਦਰ ਕੁਮਾਰ ਹੈ। ਪੁਲਿਸ ਨੇ ਦੱਸਿਆ ਕਿ ਅਸ਼ੋਕ ਕੁਮਾਰ ਉੱਪਰ ਪਹਿਲੇ ਵੀ ਦਿੱਲੀ ਦੇ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ ।
ਇਸ ਤੋਂ ਇਲਾਵਾ ਬਾਕੀ ਦੋ ਮਾਮਲਿਆਂ ਵਿੱਚ ਪੁਲਿਸ ਨੇ ਗੁਰਾਇਆ ਇਲਾਕੇ ਵਿੱਚ ਇੱਕ ਵਿਅਕਤੀ ਕੋਲੋਂ 4 ਕਿਲੋ 100 ਗ੍ਰਾਮ ਗਾਂਜਾ ਅਤੇ 1 ਵਿਅਕਤੀ ਨੂੰ ਆਦਮਪੁਰ ਵਿਖੇ 1600 ਨਸ਼ੀਲੇ ਕੈਪਸੂਲ ਅਤੇ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ।