ਜਲੰਧਰ: ਇੱਕ ਪਾਸੇ ਜਿੱਥੇ ਦੇਸ਼ ਦੇ ਹਰ ਸ਼ਹਿਰ 'ਚੋਂ ਲੱਖਾਂ ਮਜ਼ਦੂਰ ਆਪਣੇ ਆਪਣੇ ਘਰਾਂ ਨੂੰ ਕੋਰੋਨਾ ਕਾਰਨ ਚੱਲ ਰਹੀ 'ਤਾਲਾਬੰਦੀ' ਕਾਰਨ ਮੁੜ ਰਹੇ ਹਨ। ਉੱਥੇ ਹੀ ਇਨ੍ਹਾਂ ਮਜ਼ਦੂਰਾਂ ਦੀ ਵਾਪਸੀ ਦਾ ਇਸ ਦਾ ਸਿੱਧਾ ਅਸਰ ਉਦਯੋਗਾਂ ਅਤੇ ਹੋਰ ਕਈ ਕੰਮਾਂ ਤੇ ਪੈ ਰਿਹਾ ਹੈ। ਜਲੰਧਰ ਵਿੱਚੋਂ ਵੀ ਹਜ਼ਾਰਾਂ ਦੀ ਗਿਣਤੀ 'ਚ ਮਜ਼ਦੂਰ ਆਪਣੇ ਘਰਾਂ ਨੂੰ ਪਰਤ ਰਹੇ ਹਨ। ਮਜ਼ਦੂਰਾਂ ਅਤੇ ਇਨ੍ਹਾਂ ਦੇ ਪਰਿਵਾਰਾਂ ਦੇ ਜਾਣ ਦਾ ਅਸਰ ਹੁਣ ਜਲੰਧਰ ਵਿੱਚ ਘਰ ਭਾੜੇ 'ਤੇ ਦੇਣ ਵਾਲੇ ਮਕਾਨ ਮਾਲਕਾਂ ਉਪਰ ਵੀ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਹ ਹਜ਼ਾਰਾਂ ਮਜ਼ਦੂਰ ਆਪਣੇ ਪਰਿਵਾਰਾਂ ਨਾਲ ਜਲੰਧਰ ਵਿਖੇ ਕਿਰਾਏ ਦੇ ਕਮਰਿਆਂ ਅਤੇ ਮਕਾਨਾਂ ਵਿੱਚ ਰਹਿੰਦੇ ਸਨ। ਹੁਣ ਜਦੋਂ ਇਹ ਮਜ਼ਦੂਰ ਆਪਣੇ ਪਰਿਵਾਰਾਂ ਨੂੰ ਲੈ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਰਹੇ ਹਨ ਤਾਂ ਜਿਨ੍ਹਾਂ ਮਕਾਨਾਂ ਵਿੱਚ ਜਾਂ ਕਮਰਿਆਂ ਵਿੱਚ ਇਹ ਰਹਿੰਦੇ ਸੀ ਉਹ ਸਭ ਖਾਲੀ ਹੋ ਗਏ ਹਨ।
ਜਲੰਧਰ ਵਿੱਚ ਕਈ ਮਕਾਨ ਮਾਲਕ ਹਨ, ਜਿਨ੍ਹਾਂ ਨੇ ਹਜ਼ਾਰਾਂ ਕਮਰੇ ਇਨ੍ਹਾਂ ਮਜ਼ਦੂਰਾਂ ਲਈ ਬਣਾਏ ਹੋਏ ਸਨ ਉਨ੍ਹਾਂ ਦਾ ਕੰਮਕਾਜ ਹੁਣ ਬਿਲਕੁਲ ਬੰਦ ਹੋ ਗਿਆ ਹੈ। ਇਨ੍ਹਾਂ ਮਕਾਨ ਮਾਲਕਾਂ ਵਿੱਚੋਂ ਇੱਕ ਅਮਨਦੀਪ ਦਾ ਕਹਿਣਾ ਹੈ ਕਿ ਦੇਸ਼ ਵਿੱਚ ਲੱਗੇ ਲੌਕਡਾਊਨ ਕਰਕੇ ਪਹਿਲੇ ਹੀ ਮਜ਼ਦੂਰਾਂ ਵੱਲੋਂ ਇੱਕ ਦੋ-ਦੋ ਮਹੀਨਿਆਂ ਦਾ ਕਿਰਾਇਆ ਬਕਾਇਆ ਹੈ ਅਤੇ ਹੁਣ ਇਨ੍ਹਾਂ ਦੇ ਆਪਣੇ ਪਰਿਵਾਰਾਂ ਸਮੇਤ ਕਮਰਿਆਂ ਨੂੰ ਅਤੇ ਘਰਾਂ ਨੂੰ ਖਾਲੀ ਕਰਕੇ ਜਾਣ ਨਾਲ ਜੋ ਕਿਰਾਇਆ ਮਕਾਨ ਮਾਲਕਾਂ ਨੂੰ ਆਉਂਦਾ ਸੀ ਉਹ ਬੰਦ ਹੋ ਗਿਆ ਹੈ।