ਜਲੰਧਰ: ਕਰਤਾਰਪੁਰ ਪੁਲਿਸ ਨੇ 3 ਠੱਗ ਕਾਬੂ ਕੀਤੇ ਹਨ। ਜਾਣਕਾਰੀ ਮੁਤਾਬਕ ਇਹ ਠੱਗ ਨਕਲੀ ਸੀਬੀਆਈ ਅਧਿਕਾਰੀ ਅਤੇ ਨਕਲੀ ਫੂਡ ਇੰਸਪੈਕਟਰ ਬਣਕੇ ਲੋਕਾਂ ਨਾਲ ਠੱਗੀ ਕਰਦੇ ਸਨ। ਡੀਐੱਸਪੀ ਸਬ ਡਿਵੀਜ਼ਨਲ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਥਾਣਾ ਕਰਤਾਰਪੁਰ ਦੇ ਪ੍ਰਭਾਵੀ ਇੰਸਪੈਕਟਰ ਰਾਜੀਵ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਜਸਪਾਲ ਸਿੰਘ ਉਰਫ ਸੁੰਦਰੀ, ਗੁਰਮੇਜ ਸਿੰਘ ਉਰਫ ਲੱਕੀ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਜਲੰਧਰ ਦੇ ਲੰਮਾ ਪਿੰਡ ਹੁਸ਼ਿਆਰਪੁਰ ਰੋਡ 'ਤੇ ਇੱਕ ਕਿਰਾਏ ਦੀ ਕੋਠੀ 'ਤੇ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਲੋਕ ਨਕਲੀ ਸੀਬੀਆਈ ਅਧਿਕਾਰੀ ਅਤੇ ਫੂਡ ਇੰਸਪੈਕਟਰ ਬਣਕੇ ਲੋਕਾਂ ਤੋਂ ਪੈਸੇ ਠੱਗਦੇ ਸਨ। ਇਨ੍ਹਾਂ ਲੋਕਾਂ ਨੇ ਆਪਣੇ ਸੀਬੀਆਈ ਅਤੇ ਫੂਡ ਇੰਸਪੈਕਟਰ ਦੇ ਜਾਅਲੀ ਆਈ ਕਾਰਡ ਵੀ ਬਣਾਏ ਹੋਏ ਸਨ, ਜਿਸ ਨੂੰ ਇਹ ਦੁਕਾਨਦਾਰਾਂ ਨੂੰ ਵੇਖਾ ਕੇ ਉਨ੍ਹਾਂ ਨਾਲ ਠੱਗੀ ਮਾਰਦੇ ਸਨ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਸਪਾਲ ਸਿੰਘ ਉਰਫ਼ ਸੁੰਦਰੀ ਸਪਲੈਂਡਰ ਮੋਟਰਸਾਈਕਲ ਤੇ ਕਰਤਾਰਪੁਰ ਦੇ ਏਰੀਆ ਵਿੱਚ ਘੁੰਮ ਰਿਹਾ ਹੈ। ਇਸੇ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਨਾਕਾਬੰਦੀ ਕਰ ਤਿੰਨਾਂ ਆਰੋਪੀਆਂ ਨੂੰ ਕਾਬੂ ਕੀਤਾ ਹੈ। ਤਲਾਸ਼ੀ ਦੌਰਾਨ ਉਨ੍ਹਾਂ ਤੋਂ ਜਾਅਲੀ ਸੀਬੀਆਈ ਅਤੇ ਫੂਡ ਇੰਸਪੈਕਟਰ ਦੇ ਆਈ ਡੀ ਕਾਰਡ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।