ਜਲੰਧਰ: ਸ਼ਹਿਰ 'ਚ ਇੱਕ ਵਿਦਿਆਰਥੀ ਆਗੂ 'ਤੇ ਕੁੱਝ ਅਣਪਛਾਤੇ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਨੌਜਵਾਨ ਸਿਵਲ ਹਸਪਤਾਲ ਜਲੰਧਰ 'ਚ ਜ਼ੇਰੇ ਇਲਾਜ ਦਾਖਲ ਹੈ। ਵਿਦਿਆਰਥੀ ਆਗੂ ਦੇ ਸਮਰਥਕਾਂ ਨੇ ਕਾਂਗਰਸ ਪਾਰਟੀ 'ਤੇ ਹਮਲੇ ਦੇ ਦੋਸ਼ ਲਗਾਏ ਗਏ ਹਨ।
ਇਸ ਬਾਰੇ ਪੁਲਿਸ ਨੂੰ ਦੱਸਦੇ ਹੋਏ ਪੀੜਤ ਵਿਦਿਆਰਥੀ ਆਗੂ ਨਵਦੀਪ ਨੇ ਦੱਸਿਆ ਕਿ ਉਹ ਆਪਣਾ ਪੇਪਰ ਦੇ ਕੇ ਸ਼ਾਮ ਨੂੰ ਵਾਪਸ ਪਿੰਡ ਵੱਲ ਪਰਤ ਰਿਹਾ ਸੀ। ਘਰ ਦੇ ਨੇੜੇ ਇੱਕ ਗਲੀ 'ਚ ਪੁੱਜਾ ਤਾਂ ਕੁੱਝ ਅਣਪਛਾਤੇ ਲੋਕਾਂ ਨੇ ਉਸ 'ਤੇ ਪਿਛੋਂ ਹਮਲਾ ਕੀਤਾ। ਹਮਲੇ ਦੌਰਾਨ ਉਹ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਿਆ। ਉਸ ਨੇ ਖ਼ੁਦ ਦੇ ਬਚਾਅ ਲਈ ਰੌਲਾ ਪਾਇਆ, ਲੋਕਾਂ ਨੂੰ ਇੱਕਠਾ ਹੁੰਦਾ ਵੇਖ ਹਮਲਾਵਰ ਉਥੋਂ ਫਰਾਰ ਹੋ ਗਏ।
ਨਵਦੀਪ ਦਾ ਕਹਿਣਾ ਹੈ ਕਿ ਉਹ ਵਿਦਿਆਰਥੀ ਸੰਘਰਸ਼ ਮੋਰਚੇ ਦਾ ਲੀਡਰ ਹੈ ਤੇ ਉਸ ਨੇ ਪੋਸਟ ਮ੍ਰੈਟਿਕ ਸਕਾਲਰਸ਼ਿਪ ਘੁਟਾਲੇ ਦੇ ਮਾਮਲੇ ਨੂੰ ਲੈ ਕੇ ਆਵਾਜ਼ ਚੁੱਕੀ ਸੀ। ਨਵਦੀਪ ਦੇ ਸਾਥੀਆਂ ਨੇ ਕਿਹਾ ਕਿ ਹਮਲਾਵਰ ਉਸ ਨੂੰ ਵਾਰ-ਵਾਰ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸਕਾਲਸ਼ਿਪ ਘੁਟਾਲੇ ਮਾਮਲੇ 'ਤੇ ਆਵਾਜ਼ ਚੁੱਕਣ ਨੂੰ ਲੈ ਕੇ ਕੋਸ ਰਹੇ ਸਨ। ਨਵਦੀਪ ਦੇ ਸਮਰਥਕਾਂ ਨੇ ਕਾਂਗਰਸ ਪਾਰਟੀ 'ਤੇ ਹਮਲੇ ਦੇ ਦੋਸ਼ ਲਗਾਏ ਗਏ ਹਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ ਤੇ ਏਡੀਸੀਪੀ ਹਰਜਿੰਦਰ ਸਿੰਘ ਨਵਦੀਪ ਨੂੰ ਮਿਲਣ ਪੁੱਜੇ। ਇਸ ਮੌਕੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕਾਂਗਰਸ ਵੱਲੋਂ ਸੂਬੇ 'ਚ ਗੁੰਡਾਗਰਦੀ ਨੂੰ ਵਧਾਵਾ ਦੇਣ ਦੀ ਗੱਲ ਆਖੀ। ਉਨ੍ਹਾਂ ਪੀੜਤ ਨੂੰ ਇਨਸਾਫ ਦਵਾਉਣ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।
ਏਡੀਸੀਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਨਵਦੀਪ ਦੇ ਬਿਆਨਾਂ ਮੁਤਾਬਕ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਨਵਦੀਪ ਦੇ ਬਿਆਨ ਮੁਤਾਬਕ ਉਸ ਦੀ ਕਿਸੇ ਨਾਲ ਨਿੱਜੀ ਰੰਜਿਸ਼ ਨਹੀਂ ਹੈ, ਪਰ ਪੁਲਿਸ ਨਿੱਜੀ ਰੰਜਿਸ਼ ਤੇ ਹੋਰਨਾਂ ਵੱਖ-ਵੱਖ ਪਹਿਲੂਆਂ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਗੱਲ ਆਖੀ।