ਜਲੰਧਰ: ਕਾਂਗਰਸ ਨੇ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ 86 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ, ਇਸ ਪਹਿਲੀ ਲਿਸਟ ਤੋਂ ਕਈ ਉਮੀਦਵਾਰ ਖੁਸ਼ ਵੀ ਹਨ ਅਤੇ ਕਈ ਨਰਾਜ਼ ਵੀ ਪਾਏ ਗਏ, ਇਸ ਲਿਸਟ ਵਿੱਚ ਹੀ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਸੁਖਪਾਲ ਸਿੰਘ ਖਹਿਰਾ ਨੂੰ ਵੀ ਕਾਂਗਰਸ ਨੇ ਕਪੂਰਥਲਾ ਦੇ ਭੁਲੱਥ ਇਲਾਕੇ ਲਈ ਉਮੀਦਵਾਰ ਘੋਸ਼ਿਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਵਾਰ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਹਰਾ ਕੇ ਇਹ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਵਿਚ ਪਾਈ ਸੀ। ਸੁਖਪਾਲ ਸਿੰਘ ਖਹਿਰਾ ਦੋਆਬਾ ਦੇ ਇਕਲੌਤੇ ਐਸੇ ਵਿਧਾਇਕ ਸਨ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਪਿਛਲੀਆਂ ਚੋਣਾਂ ਵਿੱਚ ਸੀਟ ਜਿੱਤ ਕੇ ਦਿੱਤੀ।
ਸੁਖਪਾਲ ਖਹਿਰਾ ਦਾ ਪਿਛਲਾ ਲੇਖਾ ਜੋਖਾ
ਸੁਖਪਾਲ ਖਹਿਰਾ ਜਿਨ੍ਹਾਂ ਦੇ ਪਿਤਾ ਸੁਖਜਿੰਦਰ ਸਿੰਘ ਇੱਕ ਟਕਸਾਲੀ ਅਕਾਲੀ ਨੇਤਾ ਸਨ, ਜੋ ਅਕਾਲੀ ਦਲ ਸਰਕਾਰ ਵੇਲੇ ਪੰਜਾਬ ਦੇ ਸਿੱਖਿਆ ਮੰਤਰੀ ਵੀ ਰਹਿ ਚੁੱਕੇ ਸਨ। ਇਸ ਦੇ ਦੇਹਾਂਤ ਤੋਂ ਬਾਅਦ ਸੁਖਪਾਲ ਖਹਿਰਾ ਨੇ ਕਾਂਗਰਸ ਦਾ ਹੱਥ ਫੜ੍ਹ ਲਿਆ ਅਤੇ ਕਾਂਗਰਸ ਦੀ ਟਿਕਟ 'ਤੇ ਇਸ ਇਲਾਕੇ ਵਿੱਚ ਕਾਂਗਰਸ ਦਾ ਪਰਚਮ ਲਹਿਰਾਇਆ, ਜਿਸ ਤੋਂ ਬਾਅਦ ਸੁਖਪਾਲ ਖਹਿਰਾ ਦੇ ਆਪਣੇ ਇੱਕ ਅਲੱਗ ਸੁਭਾਅ ਕਾਰਨ ਕਾਂਗਰਸ ਨਾਲ ਉਨ੍ਹਾਂ ਦੀ ਅਣਬਣ ਹੋ ਗਈ।
ਕਾਂਗਰਸ ਨਾਲ ਆਪਣੀ ਅਣਬਣ ਤੋਂ ਬਾਅਦ ਸੁਖਪਾਲ ਖਹਿਰਾ ਨੇ 2017 ਦੀਆਂ ਚੋਣਾਂ ਆਮ ਆਦਮੀ ਪਾਰਟੀ ਦੀ ਉਮੀਦਵਾਰੀ ਹੇਠ ਲੜੀਆਂ ਅਤੇ ਅਕਾਲੀ ਦਲ ਦੀ ਨੇਤਾ ਅਤੇ ਪੂਰਬ ਐੱਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਹਰਾ ਕੇ ਇਸ ਇਲਾਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ। ਪਰ ਇੱਥੇ ਵੀ ਆਪਣੀ ਇੱਕ ਅਲੱਗ ਸੁਭਾਅ ਕਾਰਨ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਨਹੀਂ ਬਣੀ ਅਤੇ ਸੁਖਪਾਲ ਖਹਿਰਾ ਵੱਲੋਂ 'ਪੰਜਾਬ ਏਕਤਾ ਪਾਰਟੀ ' ਦਾ ਗਠਨ ਕੀਤਾ।
ਪਰ ਸੁਖਪਾਲ ਖਹਿਰਾ ਦੀ ਇਹ ਪਾਰੀ ਵੀ ਏਨੀ ਲੰਮੀ ਨਹੀਂ ਚੱਲੀ ਅਤੇ ਸੁਖਪਾਲ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ 'ਤੇ ਇੱਕ ਵਾਰ ਫਿਰ ਕਾਂਗਰਸ ਦਾ ਹੱਥ ਫੜਿਆ, ਹਾਲਾਂਕਿ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕਾਂਗਰਸ ਨੂੰ ਛੱਡ ਦਿੱਤਾ ਪਰ ਸੁਖਪਾਲ ਖਹਿਰਾ ਪਾਰਟੀ ਵਿੱਚ ਬਣੇ ਰਹੇ।
ਫਿਲਹਾਲ ਕਾਂਗਰਸ ਪਾਰਟੀ ਨੇ ਸੁਖਪਾਲ ਖਹਿਰਾ 'ਤੇ ਇੱਕ ਵਾਰ ਫਿਰ ਦਾਅ ਖੇਡਿਆ ਹੈ ਲੇਕਿਨ ਇਸ ਵਾਰ ਮੁਸ਼ਕਿਲ ਇਹ ਹੈ ਕਿ ਸੁਖਪਾਲ ਖਹਿਰਾ ਆਪਣਾ ਪ੍ਰਚਾਰ ਖੁਦ ਨਹੀਂ ਕਰ ਪਾ ਰਹੇ ਕਿਉਂਕਿ ਇਸ ਵਾਰ ਸੁਖਪਾਲ ਖਹਿਰਾ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਈਡੀ ਦੀ ਗ੍ਰਿਫ਼ਤ ਵਿਚ ਨੇ ਅਤੇ ਫਿਲਹਾਲ ਪਟਿਆਲਾ ਜੇਲ੍ਹ ਵਿੱਚ ਬੰਦ ਹਨ।
ਫਿਲਹਾਲ ਸੁਖਪਾਲ ਸਿੰਘ ਖਹਿਰਾ ਦੀ ਗੈਰ ਮੌਜੂਦਗੀ ਦੇ ਚੱਲਦੇ ਉਨ੍ਹਾਂ ਦੇ ਬੇਟੇ ਮਹਿਤਾਬ ਸਿੰਘ ਖਹਿਰਾ ਜੋ ਕਿ ਇਕ ਵਕੀਲ ਨੇ ਭੁਲੱਥ ਹਲਕੇ ਵਿੱਚ ਆਪਣੇ ਪਿਤਾ ਲਈ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ, ਉਨ੍ਹਾਂ ਨੂੰ ਉਮੀਦ ਹੈ ਕਿ 18 ਜਨਵਰੀ ਨੂੰ ਸੁਖਪਾਲ ਸਿੰਘ ਖਹਿਰਾ ਖੁਦ ਜੇਲ੍ਹ ਤੋਂ ਬਾਹਰ ਆ ਕੇ ਆਪਣੇ ਚੋਣ ਪ੍ਰਚਾਰ ਦੀ ਕਮਾਨ ਖੁਦ ਸੰਭਾਲਣਗੇ।
ਇਹ ਵੀ ਪੜ੍ਹੋ:ਸਮਾਜ ਸੇਵੀ ਨੇ ਅਕਾਲੀ ਆਗੂ ਤਲਬੀਰ ਗਿੱਲ ’ਤੇ ਸਾਧੇ ਨਿਸ਼ਾਨੇ