ਜਲੰਧਰ: ਪਿਛਲੇ 10 ਸਾਲਾਂ ਤੋਂ ਕਰੋੜਾਂ ਦੀ ਲਾਗਤ ਨਾਲ ਬਣ ਰਿਹਾ ਪੀ.ਏ.ਪੀ. ਫਲਾਈ ਓਵਰ ਇਸ ਸਾਲ ਮਾਰਚ 'ਚ ਬਣ ਕੇ ਪੂਰਾ ਹੋ ਗਿਆ ਸੀ। ਇਹ ਫਲਾਈ ਓਵਰ ਜਦੋ ਦਾ ਬਣ ਕੇ ਤਿਆਰ ਹੋਇਆ ਹੈ, ਉਸ ਦਿਨ ਤੋਂ ਹੀ ਇਸ ਦੀ ਇੱਕ ਸਾਈਡ ਨੂੰ ਟ੍ਰੈਫਿਕ ਲਈ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਥਾਨਕ ਵਾਸੀ ਤੇ ਆਰ.ਟੀ.ਆਈ. ਐਕਟੀਵਿਸਟ ਸੰਜੇ ਸਹਿਗਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਪੀ.ਏ.ਪੀ. ਫਲਾਈ ਓਵਰ ਨੂੰ ਬਣਨ ਲਈ ਕਰੀਬ 10 ਸਾਲ ਦਾ ਸਮਾਂ ਲੱਗ ਗਿਆ, ਪਰ ਇਸ ਦਾ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਲਾਈ ਓਵਰ ਨੂੰ ਚਾਲੂ ਕਰਨ ਤੋਂ ਪਹਿਲੇ ਇਸ ਦੀ ਕੰਪਲੀਸ਼ਨ ਰਿਪੋਰਟ ਤੱਕ ਨਹੀ ਲਈ ਗਈ। ਸੰਜੇ ਨੇ ਕਿਹਾ ਕਿ ਇਸ ਗੱਲ ਦੀ ਸ਼ਿਕਾਇਤ ਉਨ੍ਹਾਂ ਨੇ ਪ੍ਰਸ਼ਾਸ਼ਨ ਨੂੰ ਵੀ ਕੀਤੀ ਹੈ, ਪਰ ਉਸ ਤੇ ਕਿਸੇ ਤਰੀਕੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਦੂਜੇ ਪਾਸੇ ਜਦ ਪ੍ਰਸ਼ਾਸਨ ਨਾਲ ਇਸ ਸਬੰਧੀ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਇਸ ਬਾਰੇ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।