ਜਲੰਧਰ: ਜਲੰਧਰ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਵਾਲੀ ਗਰਮੀ ਤੋਂ ਬਾਅਦ ਅੱਜ ਸਵੇਰ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਭਾਰੀ ਮੀਂਹ ਕਰਕੇ ਜਲੰਧਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪਰ ਇਸਦੇ ਨਾਲ ਹੀ ਸ਼ਹਿਰ ਦੀਆਂ ਸੜਕਾਂ 'ਤੇ ਪਾਣੀ ਭਰ ਜਾਣ ਕਰਕੇ ਲੋਕਾਂ ਦਾ ਆਉਣ ਜਾਣ ਮੁਸ਼ਕਿਲ ਹੋ ਰਹੀ ਹੈ।
ਹਾਲਾਂਕਿ ਸਵੇਰੇ ਜਿਸ ਵੇਲੇ ਲੋਕਾਂ ਨੇ ਆਪਣੇ ਦਫ਼ਤਰਾਂ ਵਿੱਚ ਜਾਣਾ ਸੀ ਉਸ ਵੇਲੇ ਬਾਰਿਸ਼ ਥੋੜ੍ਹੀ ਘੱਟ ਸੀ। ਪਰ ਉਸ ਤੋਂ ਬਾਅਦ ਇਕਦਮ ਤੇਜ਼ ਬਾਰਿਸ਼ ਹੋਣ ਨਾਲ ਪੂਰਾ ਸ਼ਹਿਰ ਪਾਣੀ ਪਾਣੀ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਖੇਤੀ ਮਾਹਿਰਾਂ ਦਾ ਕਹਿਣਾ ਹੈ ਇਸ ਬਾਰਿਸ਼ ਨਾਲ ਝੋਨੇ ਦੀ ਫ਼ਸਲ ਨੂੰ ਕੋਈ ਖ਼ਾਸ ਨੁਕਸਾਨ ਨਹੀਂ ਹੋਣ ਵਾਲਾ ਕਿਉਂਕਿ ਝੋਨੇ ਦੀ ਫ਼ਸਲ ਦੀ ਵਾਢੀ ਨੂੰ ਹਾਲੇ ਕੁਝ ਸਮਾਂ ਬਾਕੀ ਹੈ। ਮਾਹਿਰਾਂ ਮੁਤਾਬਕ ਇਹ ਮੀਂਹ ਝੋਨੇ ਦੀ ਫ਼ਸਲ ਲਈ ਚੰਗਾ ਹੈ ਕਿਉਂਕਿ ਝੋਨੇ ਦੀ ਫ਼ਸਲ ਦੇ ਉੱਪਰ ਲੱਗੇ ਹੋਏ ਕੀੜੇ ਮਕੌੜੇ ਅਤੇ ਫ਼ਸਲ ਨੂੰ ਖ਼ਰਾਬ ਕਰਨ ਵਾਲੇ ਹੋਰ ਕੀਟਾਣੂ ਇਸ ਬਾਰਿਸ਼ ਨਾਲ ਝੜ ਜਾਣਗੇ।
ਉਨ੍ਹਾਂ ਮੁਤਾਬਿਕ ਇਸ ਬਾਰਿਸ਼ ਨਾਲ ਸਿਰਫ ਉਨ੍ਹਾਂ ਲੋਕਾਂ ਨੂੰ ਥੋੜ੍ਹਾ ਨੁਕਸਾਨ ਹੋ ਸਕਦਾ ਹੈ ਜੋ ਇਨ੍ਹਾਂ ਦਿਨਾਂ ਵਿੱਚ ਲੱਗਣ ਵਾਲੀਆਂ ਮੌਸਮੀ ਸਬਜ਼ੀਆਂ ਨੂੰ ਬੀਜ ਚੁੱਕੇ ਹਨ। ਫਿਲਹਾਲ ਇਹ ਬਾਰਿਸ਼ ਜਿੱਥੇ ਆਮ ਲੋਕਾਂ ਲਈ ਇਕ ਸੁਖ ਦਾ ਸਾਹ ਲੈ ਕੇ ਆਈ ਹੈ ਉਸ ਦੇ ਨਾਲ ਹੀ ਇਸ ਮੀਂਹ ਨਾਲ ਕਿਸਾਨਾਂ ਦੀ ਫ਼ਸਲ ਨੂੰ ਵੀ ਲਾਭ ਹੋਵੇਗਾ।
ਇਹ ਵੀ ਪੜ੍ਹੋ:- ਮੀਂਹ ਨਾਲ ਫ਼ਸਲਾਂ ਦਾ ਨੁਕਸਾਨ, ਕਿਸਾਨ ਪ੍ਰੇਸ਼ਾਨ