ਜਲੰਧਰ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਜਿਥੇ ਸਰਕਾਰ ਸਖ਼ਤੀ ਵਰਤੀ ਰਹੀ ਹੈ, ਉਥੇ ਹੀ ਜ਼ਿਲ੍ਹਿਆਂ 'ਚ ਸਥਾਨਕ ਪ੍ਰਸ਼ਾਸਨ ਵਲੋਂ ਵੀ ਕਈ ਕਦਮ ਚੁੱਕੇ ਜਾ ਰਹੇ ਹਨ। ਸਰਕਾਰ ਵਲੋਂ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਨੂੰ ਲੈਕੇ ਪ੍ਰਸ਼ਾਸਨ ਸਖ਼ਤੀ ਕਰ ਰਿਹਾ ਹੈ। ਇਸ ਦੇ ਨਾਲ ਹੀ ਮਾਸਕ ਨਾ ਪਾਕੇ ਬਾਹਰ ਘੁੰਮਣ ਵਾਲੇ ਲੋਕਾਂ ਖਿਲਾਫ਼ ਸਖ਼ਤੀ ਵਰਤਦਿਆਂ ਪ੍ਰਸ਼ਾਸਨ ਵਲੋਂ ਜਿਥੇ ਉਨ੍ਹਾਂ ਦੇ ਚਲਾਨ ਕੀਤੇ ਜਾ ਰਹੇ ਹਨ, ਉਥੇ ਹੀ ਮੌਕੇ 'ਤੇ ਕੋਰੋਨਾ ਟੈਸਟ ਵੀ ਕੀਤਾ ਜਾ ਰਿਹਾ ਹੈ।
ਜਲੰਧਰ 'ਚ ਵੀ ਪੁਲਿਸ ਪ੍ਰਸ਼ਾਸਨ ਵਲੋਂ ਕਈ ਥਾਵਾਂ 'ਤੇ ਨਾਕੇ ਲਗਾ ਕੇ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕਰਨ ਦੇ ਨਾਲ-ਨਾਲ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ 70 ਦੇ ਕਰੀਬ ਲੋਕਾਂ ਦੇ ਰੈਪਿਡ ਟੈਸਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਕਿ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ ਅਤੇ ਜਦੋਂ ਵੀ ਘਰ ਤੋਂ ਬਾਹਰ ਨਿਕਲਦੇ ਹਨ ਤਾਂ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਦਾਖਲ ਹੋਣ ਵਾਲੀ ਹਰ ਗੱਡੀ ਨੂੰ ਬਰੀਕੀ ਨਾਲ ਦੇਖਿਆ ਜਾ ਰਿਹਾ ਹੈ ਅਤੇ ਬਾਹਰੀ ਸੂਬਿਆਂ ਤੋਂ ਦਾਖਲ ਹੋਣ ਵਾਲਿਆਂ 'ਤੇ ਵੀ ਪੈਨੀ ਨਜ਼ਰ ਰੱਖੀ ਜਾ ਰਹੀ ਹੈ।