ਜਲੰਧਰ : ਅੱਜ ਕੱਲ੍ਹ ਆਪਣੇ ਘਰ ਜਾਣ ਲਈ ਹਰ ਮਜ਼ਦੂਰ ਦੀ ਨਜ਼ਰ ਆਪਣੇ ਮੋਬਾਈਲ ਫੋਨ ਤੇ ਟਿਕੀ ਹੋਈ ਹੈ। ਹਰ ਇੱਕ ਮਜ਼ਦੂਰ ਆਪਣੇ ਮੋਬਾਇਲ ਉੱਤੇ ਇਹ ਦੇਖਦਾ ਹੋਇਆ ਨਜ਼ਰ ਆਉਂਦਾ ਹੈ ਕਿ ਕਦੋਂ ਉਸ ਦੇ ਮੋਬਾਈਲ 'ਤੇ ਪ੍ਰਸ਼ਾਸਨ ਵੱਲੋਂ ਇਹ ਮੈਸੇਜ ਆਵੇ ਕਿ ਉਸ ਦੀ ਟਰੇਨ ਦੀ ਬੁਕਿੰਗ ਹੋ ਚੁੱਕੀ ਹੈ ਅਤੇ ਉਹ ਆਪਣੇ ਪਰਿਵਾਰ ਸਮੇਤ ਰੇਲ ਗੱਡੀ 'ਚ ਬੈਠ ਕੇ ਆਪਣੇ ਘਰ ਵਾਪਸੀ ਕਰ ਸਕਦਾ ਹੈ।
ਦਰਅਸਲ ਜਲੰਧਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਮਜ਼ਦੂਰਾਂ ਨੂੰ ਆਪਣੇ ਘਰ ਵਾਪਸ ਭੇਜਣ ਲਈ ਜਿਨ੍ਹਾਂ ਰੇਲਗੱਡੀਆਂ ਦਾ ਇੰਤਜ਼ਾਮ ਕੀਤਾ ਗਿਆ ਹੈ ਉਨ੍ਹਾਂ ਲਈ ਜਦੋਂ ਇਹ ਬੁਕਿੰਗ ਕਰਾਉਂਦੇ ਨੇ ਤਾਂ ਇਨ੍ਹਾਂ ਨੂੰ ਇੱਕ ਮੈਸੇਜ ਆਉਂਦਾ ਹੈ। ਜਿਸ ਤੋਂ ਬਾਅਦ ਸਿਰਫ ਉਸੇ ਮਜ਼ਦੂਰ ਅਤੇ ਉਸ ਦੇ ਪਰਿਵਾਰ ਨੂੰ ਗੱਡੀ ਵਿੱਚ ਬੈਠਣ ਦੀ ਇਜਾਜ਼ਤ ਹੁੰਦੀ ਹੈ, ਜਿਸ ਦੇ ਫੋਨ 'ਤੇ ਮੈਸੇਜ ਆਇਆ ਹੋਇਆ ਹੁੰਦਾ ਹੈ।
ਜਲੰਧਰ ਵਿੱਚ ਇਸ ਮੋਬਾਈਲ ਦਾ ਮੈਸੇਜ ਅੱਜ ਕੱਲ੍ਹ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ। ਜਲੰਧਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਮਜ਼ਦੂਰਾਂ ਨੂੰ ਸੁਨੇਹਾ ਪਹੁੰਚਾਉਣ ਤੋਂ ਬਾਅਦ ਵੀ ਹਜ਼ਾਰਾਂ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ। ਹਾਲੇ ਵੀ ਬਹੁਤ ਸਾਰੇ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਐਸੇ ਵੀ ਨੇ ਜਿਨ੍ਹਾਂ ਨੂੰ ਇਹ ਮੈਸੇਜ ਆਉਣ ਤੋਂ ਬਾਅਦ ਵੀ ਗੱਡੀ ਵਿੱਚ ਸੀਟ ਨਹੀਂ ਮਿਲੀ। ਇਨ੍ਹਾਂ ਮਜ਼ਦੂਰਾਂ ਨਾਲ ਜਦੋਂ ਗੱਲ ਕੀਤੀ ਤਾਂ ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਐਪ ਉੱਪਰ ਆਪਣੀ ਆਨਲਾਈਨ ਬੁਕਿੰਗ ਕਰਵਾਈ ਸੀ ਅਤੇ ਇਨ੍ਹਾਂ ਨੂੰ ਉਸ ਬੁਕਿੰਗ ਦਾ ਮੈਸੇਜ ਵੀ ਆ ਗਿਆ ਸੀ।
ਜਿਸ ਤੋਂ ਬਾਅਦ ਇਹ ਆਪਣੇ ਪਰਿਵਾਰਾਂ ਸਮੇਤ ਰੇਲਵੇ ਸਟੇਸ਼ਨ 'ਤੇ ਪਹੁੰਚੇ ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਇਨ੍ਹਾਂ ਮਜ਼ਦੂਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਪ੍ਰਸ਼ਾਸਨ ਆਨਲਾਈਨ ਬੁਕਿੰਗ ਨੂੰ ਨਾ ਦੇਖਦੇ ਹੋਏ ਆਪਣੀ ਮਰਜ਼ੀ ਨਾਲ ਹੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰੇਲ ਗੱਡੀ ਵਿੱਚ ਬਿਠਾ ਕੇ ਰਵਾਨਾ ਕਰ ਰਿਹਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਜੇ ਇਨ੍ਹਾਂ ਦਾ ਜਲਦ ਹੀ ਵਾਪਿਸ ਜਾਣ ਦਾ ਇੰਤਜ਼ਾਮ ਨਾ ਕੀਤਾ ਗਿਆ ਤਾਂ ਮਜਬੂਰੀ ਵਿੱਚ ਇਨ੍ਹਾਂ ਨੂੰ ਵੀ ਆਪਣੇ ਪਰਿਵਾਰਾਂ ਸਮੇਤ ਇੱਥੋਂ ਪੈਦਲ ਹੀ ਨਿਕਲਣਾ ਪਵੇਗਾ।