ਹੁਸ਼ਿਆਰਪੁਰ: ਪੰਜਾਬ ਸਰਕਾਰ ਪਲਾਈਵੁੱਡ ਉਤਪਾਦਨ ਦੀਆਂ 30 ਇਕਾਈਆਂ ਦੀ ਸ਼ੁਰੂਆਤ ਨਾਲ ਜਲਦ ਹੀ ਹੁਸ਼ਿਆਰਪੁਰ 'ਚ ਵੁੱਡ ਪਾਰਕ ਬਣਾਇਆ ਜਾਵੇਗਾ।ਕਿਉਂਕਿ ਇਸ ਪ੍ਰਾਜੈਕਟ ਲਈ ਜ਼ਮੀਨ ਨਿਰਧਾਰਤ ਕਰ ਦਿੱਤੀ ਗਈ ਹੈ। ਇਸ ਪ੍ਰਾਜੈਕਟ ਨਾਲ 10000 ਸਥਾਈ ਤੇ 8000 ਅਸਥਾਈ ਤੌਰ 'ਤੇ ਨੌਕਰੀ ਦੇ ਮੌਕੇ ਪੈਦਾ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਉਦਯੋਗਿਕ ਵਿਕਾਸ ਲਈ ਪੰਜਾਬ ਸਰਕਾਰ ਠੋਸ ਕਦਮ ਚੁੱਕੀ ਰਹੀ ਹੈ। ਪੰਜਾਬ ਸਰਕਾਰ, ਸੂਬੇ 'ਚ ਪਿਛਲੇ ਚਾਰ ਸਾਲਾਂ ਦੌਰਾਨ 71,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ। ਇਸ ਦੇ ਨਾਲ ਹੀ ਇਨ੍ਹਾਂ ਉਦਯੋਗਿਕ ਪ੍ਰੋਜੈਕਟ ਅਧੀਨ 2.7 ਲੱਖ ਰੁਜ਼ਗਾਰ ਦੇ ਮੌਕੇ ਯਕੀਨੀ ਬਣਾਏ ਗਏ। ਉਦਯੋਗ ਮੰਤਰੀ ਨੇ ਦੱਸਿਆ ਕਿ ਵੁੱਡ ਪਾਰਕ ਸਥਾਪਤ ਕਰਨ ਲਈ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰ ਲਈਆਂ ਗਈਆਂ ਹਨ ਅਤੇ ਪਾਰਕ ਨੂੰ ਹੁਸ਼ਿਆਰਪੁਰ ਨਾਲ ਲਗਦੇ 58 ਏਕੜ ਰਕਬੇ 'ਚ ਤਿਆਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕੋਵਿਡ-19 ਮਹਾਂਮਾਰੀ ਦੌਰਾਨ ਗੰਭੀਰ ਸਿਹਤ ਸੰਕਟ ਦੇ ਬਾਵਜੂਦ, ਸਾਲ -2020 ਦੌਰਾਨ ਉਦਯੋਗਿਕ ਖ਼ੇਤਰ 'ਚ 10,461 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਨ੍ਹਾਂ 'ਚ ਖੇਤੀਬਾੜੀ, ਫੂਡ-ਪ੍ਰੋਸੈਸਿੰਗ, ਰਸਾਇਣਕ, ਆਟੋਮੋਬਾਈਲ, ਟੈਕਸਟਾਈਲ, ਸਿੱਖਿਆ, ਨਵਿਆਉਣਯੋਗ ਊਰਜਾ, ਲਾਈਟ ਇੰਜੀਨੀਅਰਿੰਗ ਸਣੇ ਵੱਖ-ਵੱਖ ਸੈਕਟਰਾਂ ਦੇ ਵੱਡੇ ਪ੍ਰਾਜੈਕਟ ਸ਼ਾਮਲ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 'ਕਾਰੋਬਾਰ 'ਚ ਅਸਾਨੀ ਲਿਆਉਣ ਦੇ ਦ੍ਰਿਸ਼ਟੀਕੋਣ ਅਧੀਨ ਉਦਯੋਗ ਅਤੇ ਵਣਜ ਵਿਭਾਗ ਨੇ ਆਪਣੀ ਸੂਬਾ ਸੁਧਾਰ ਕਾਰਜ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਦਿੱਤੇ 45 ਸੁਧਾਰਾਂ ਨੂੰ 100 ਫੀਸਦੀ ਯਕੀਨੀ ਬਣਾਇਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਸੁਧਾਰ ਕਾਰਜ ਯੋਜਨਾ ਅਧੀਨ 301 ਚੋਂ 285 ਸੁਧਾਰ ਲਾਗੂ ਕੀਤੇ ਗਏ ਹਨ। ਜਦੋਂ ਕਿ ਬਾਕੀ 31 ਮਾਰਚ, 2021 ਤੋਂ ਪਹਿਲਾ ਲਾਗੂ ਕੀਤੇ ਜਾਣਗੇ।
ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਨੂੰ 20 ਸੂਬਿਆਂ ਦੀਆਂ ਉੱਤਮ ਪ੍ਰਦਰਸ਼ਨ ਕਰਨ ਵਾਲੀਆਂ ਨਿਵੇਸ਼ ਪ੍ਰਸਤਾਵਤ ਏਜੰਸੀਆਂ ਵਿਚੋਂ ਇੱਕ ਹੋਣ ਦਰਜਾ ਮਿਲਣਾ, ਸੂਬਾ ਸਰਕਾਰ ਵਲੋਂ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਉਦਯੋਗਿਕ ਖ਼ੇਤਰ ਦੇ ਵਿਕਾਸ ਲਈ ਕੀਤੇ ਅਣਥੱਕ ਯਤਨਾਂ ਦਾ ਨਤੀਜਾ ਹੈ।