ਹੁਸ਼ਿਆਰਪੁਰ: ਮਿੰਨੀ ਸਕੱਤਰੇਤ ਦੀ ਚੌਥੀ ਮੰਜ਼ਿਲ 'ਤੇ ਅਚਾਨਕ ਅੱਗ ਲੱਗਣ ਕਾਰਨ ਸਹਿਮ ਦਾ ਮਾਹੌਲ ਬਣ ਗਿਆ। ਹਾਲਾਂਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ। ਦੂਜੇ ਪਾਸੇ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਚੱਲ ਸਕਿਆ ਹੈ।
ਅਜਿਹੇ 'ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਿੰਨੀ ਸਕੱਤਰੇਤ ਦੀ ਇੰਨੀ ਵੱਡੀ ਬਿਲਡਿੰਗ ਬਣਾਈ ਗਈ ਹੈ ਪਰ ਉਸ ਵਿੱਚ ਨਾ ਤਾਂ ਪਾਣੀ ਦੇ ਫੁਆਰਿਆਂ ਦਾ ਕੋਈ ਪ੍ਰਬੰਧ ਸੀ ਤੇ ਨਾ ਹੀ ਅੱਗ ਬੁਝਾਊ ਵਾਲਾ ਸਿਲੰਡਰ ਕੰਮ ਕਰ ਰਿਹਾ ਸੀ।
ਦੱਸਣਯੋਗ ਹੈ ਕਿ ਸਕੱਤਰੇਤ ਵਿੱਚ ਸਾਰੇ ਹੀ ਉੱਚ ਅਧਿਕਾਰੀਆਂ ਦੇ ਆਈਪੀਐੱਸ, ਆਈਏਐੱਸ ਅਫਸਰਾਂ ਦੇ ਦਫ਼ਤਰ ਹੈ ਜੋ ਕਿ ਰਾਮ ਭਰੋਸੇ ਹੀ ਨਜ਼ਰ ਆ ਰਹੇ ਹਨ। ਇਸ ਘਟਨਾ ਤੋਂ ਬਾਅਦ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੰਨੀ ਵੱਡੀ ਬਿਲਡਿੰਗ ਬਣਾਉਣ ਦੇ ਬਾਵਜੂਦ ਵੀ ਉਸ ਵਿੱਚ ਅੱਗ 'ਤੇ ਕਾਬੂ ਪਾਉਣ ਲਈ ਕੋਈ ਵੀ ਯੰਤਰ ਕੰਮ ਨਹੀਂ ਕਰ ਰਿਹਾ ਸੀ।
ਮੌਕੇ 'ਤੇ ਪਹੁੰਚੇ ਐੱਸਪੀ ਰਵਿੰਦਰਪਾਲ ਸਿੰਘ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਚਾਨਕ ਲੱਗੀ ਅੱਗ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ।
ਫਾਇਰ ਅਫ਼ਸਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਦੋ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ ਹੈ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਵੱਲੋਂ ਤਾਂ ਆਪਣਾ ਕੰਮ ਸਹੀ ਤਰੀਕੇ ਨਾਲ ਕੀਤਾ ਗਿਆ ਪਰ ਇੰਨੀ ਵੱਡੀ ਬਿਲਡਿੰਗ ਦੇ ਵਿੱਚ ਅੱਗ ਬੁਝਾਉਣ ਵਾਲੇ ਯੰਤਰ ਨਾ ਚੱਲਣੇ ਕਿਤੇ ਨਾ ਕਿਤੇ ਪ੍ਰਸ਼ਾਸਨ 'ਤੇ ਦੀ ਲਾਪਰਵਾਹੀ ਨੂੰ ਦਰਸਾਉਂਦਾ ਹੈ।