ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ ਉੱਤੇ ਕਣਕ ਦੇ ਤਸਦੀਕਸ਼ੁਦਾ ਬੀਜ਼ ਦਿੱਤੇ ਜਾਣਗੇ। ਇਸ ਬਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਸਾਂਝੀ ਕੀਤੀ।
ਇਸ ਬਾਰੇ ਦੱਸਦੇ ਹੋਏ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਤਸਦੀਕਸ਼ੁਦਾ ਕਣਕ ਦਾ ਬੀਜ਼ 50 ਫੀਸਦੀ ਜਾਂ ਵੱਧ ਤੋਂ ਵੱਧ ਇਕ ਹਜ਼ਾਰ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਬਸਿਡੀ ਦੀ ਰਾਸ਼ੀ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਟਰਾਂਸਫਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੌਮੀ ਅੰਨ ਸੁਰੱਖਿਆ ਮਿਸ਼ਨ ਸਕੀਮ ਅਧੀਨ ਇਹ ਸਬਸਿਡੀ ਦੀ ਰਾਸ਼ੀ ਪਹਿਲ ਦੇ ਅਧਾਰ 'ਤੇ ਢਾਈ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ। ਇਸ ਤੋਂ ਉਪਰੰਤ ਢਾਈ ਤੋਂ ਪੰਜ ਏਕੜ ਵਾਲੇ ਕਿਸਾਨਾਂ ਨੂੰ ਇਹ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਇਸ ਸਬੰਧੀ ਨਿਰਧਾਰਿਤ ਅਰਜ਼ੀ ਫਾਰਮ www.agripb.gov.in ਵੈਬਸਾਈਟ 'ਤੇ ਉਪਲਬੱਧ ਹੈ। ਸਕੀਮ ਦੀਆਂ ਸ਼ਰਤਾਂ ਅਨੁਸਾਰ ਮੁਤਾਬਕ ਐੱਸਸੀ ਵਰਗ ਦੇ ਕਿਸਾਨਾਂ ਲਈ ਸਬਸਿਡੀ 'ਤੇ ਬੀਜ਼ ਰਾਖਵਾਂ ਹੋਵੇਗਾ। ਵਧੇਰੇ ਜਾਣਕਾਰੀ ਲਈ ਸਬੰਧਤ ਬਲਾਕ ਅਤੇ ਕਿਸਾਨ ਭਲਾਈ ਦਫ਼ਤਰ ਜਾਂ ਮੁੱਖ ਖੇਤੀਬਾੜੀ ਦਫ਼ਤਰ ਤੋਂ ਇਲਾਵਾ ਫੋਨ ਨੰਬਰ 01882-222102 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਹੋਰ ਪੜ੍ਹੋ: ਮਜ਼ਾਕੀਆ ਅੰਦਾਜ਼ 'ਚ ਬੋਲਦੇ ਮਾਨ ਨੂੰ ਸੰਸਦ ਮੈਂਬਰ ਸੁੰਘ-ਸੁੰਘ ਲੰਘਦੇ ਰਹੇ
ਡੀਸੀ ਈਸ਼ਾ ਕਾਲੀਆ ਨੇ ਦੱਸਿਆ ਕਿ ਸ਼ਹਿਰ 'ਚ ਖੇਤੀਬਾੜੀ ਵਿਭਾਗ ਵਲੋਂ ਹਾੜੀ ਦੀ ਫਸਲ 2019-20 ਕਣਕ ਦੀ ਚੰਗੀ ਕਿਸਮਾਂ ਦੇ 7700 ਕੁਇੰਟਲ ਬੀਜਾਂ ਦੀ ਵੰਡ ਕਰ ਦਿੱਤੀ ਗਈ ਹੈ। ਇਹ ਕਿਸਮਾਂ ਐਚ.ਡੀ-2967, ਪੀ.ਬੀ. ਡਬਲਯੂ-343 ਅਤੇ ਐਚ.ਡੀ-3086 ਦੇ ਬੀਜਾਂ ਦੀ ਵੰਡ ਕਿਸਾਨਾਂ ਨੂੰ ਸਮੇਂ ਸਿਰ ਫ਼ਸਲ ਦੀ ਬਿਜਾਈ ਕਰਨ ਲਈ ਸਹਾਈ ਸਾਬਤ ਹੋਵੇਗੀ।